ਅਮਰੀਕਾ ਮਗਰੋਂ ਦੋ ਦਿਨਾ ਦੌਰੇ ’ਤੇ ਕਾਹਿਰਾ ਪਹੁੰਚੇ ਮੋਦੀ, 26 ਸਾਲ ਬਾਅਦ ਕਿਸੇ ਭਾਰਤੀ PM ਦੀ ਰਾਜਸੀ ਯਾਤਰਾ

06/24/2023 9:26:47 PM

ਇੰਟਰਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਤਿੰਨ ਦਿਨਾ ਰਾਜਸੀ ਦੌਰੇ ਤੋਂ ਬਾਅਦ ਦੋ ਦਿਨਾ ਦੌਰੇ ’ਤੇ ਮਿਸਰ ਦੀ ਰਾਜਧਾਨੀ ਕਾਹਿਰਾ ਪਹੁੰਚ ਗਏ ਹਨ। ਮਿਸਰ ਦੇ ਪ੍ਰਧਾਨ ਮੰਤਰੀ ਨੇ ਹਵਾਈ ਅੱਡੇ 'ਤੇ ਪੀ.ਐੱਮ. ਮੋਦੀ ਨੂੰ ਰਿਸੀਵ ਕੀਤਾ। ਪ੍ਰਧਾਨ ਮੰਤਰੀ ਨੂੰ ਗਾਰਡ ਆਫ਼ ਆਨਰ ਦਿੱਤਾ ਜਾਵੇਗਾ। ਮੋਦੀ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ ਦੇ ਸੱਦੇ 'ਤੇ ਮਿਸਰ ਦੇ ਦੋ ਦਿਨਾ ਰਾਜਸੀ ਦੌਰੇ 'ਤੇ ਹਨ। 1997 ਤੋਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਮਿਸਰ ਦੀ ਇਹ ਪਹਿਲੀ ਅਧਿਕਾਰਤ ਯਾਤਰਾ ਹੈ। ਮੋਦੀ ਰਾਸ਼ਟਰਪਤੀ ਬਾਈਡੇਨ ਅਤੇ ਪਹਿਲੀ ਮਹਿਲਾ ਜਿਲ ਬਾਏਡੇਨ ਦੇ ਸੱਦੇ ’ਤੇ ਅਮਰੀਕਾ ਗਏ ਸਨ।

ਇਹ ਖ਼ਬਰ ਵੀ ਪੜ੍ਹੋ : ਆਸਟ੍ਰੇਲੀਆ ਸਰਕਾਰ ਨੇ ਭਾਰਤੀਆਂ ਲਈ ਵੀਜ਼ਾ ਨਿਯਮਾਂ ’ਚ ਦਿੱਤੀ ਢਿੱਲ, ਇਨ੍ਹਾਂ ਲੋਕਾਂ ਨੂੰ ਹੋਵੇਗਾ ਫਾਇਦਾ

ਮਿਸਰ ਦੀ ਆਪਣੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਸੀਸੀ ਨਾਲ ਗੱਲਬਾਤ ਕਰਨ ਤੋਂ ਇਲਾਵਾ ਮਿਸਰ ਸਰਕਾਰ ਦੇ ਸੀਨੀਅਰ ਨੇਤਾਵਾਂ, ਦੇਸ਼ ਦੀਆਂ ਪ੍ਰਮੁੱਖ ਸ਼ਖਸੀਅਤਾਂ ਅਤੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਮਿਲ ਸਕਦੇ ਹਨ। ਜਨਵਰੀ ਵਿਚ ਸੀਸੀ ਦੀ ਭਾਰਤ ਦੀ ਰਾਜਸੀ ਯਾਤਰਾ ਦੌਰਾਨ ਦੋਵੇਂ ਦੇਸ਼ ਆਪਣੇ ਸਬੰਧਾਂ ਨੂੰ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਉੱਚਾ ਚੁੱਕਣ ਲਈ ਸਹਿਮਤ ਹੋਏ ਸਨ।

ਇਹ ਖ਼ਬਰ ਵੀ ਪੜ੍ਹੋ : ਡਿਊਟੀ ਤੋਂ ਪਰਤਦਿਆਂ ASI ਨਾਲ ਵਾਪਰਿਆ ਭਿਆਨਕ ਹਾਦਸਾ, ਹੋਈ ਦਰਦਨਾਕ ਮੌਤ

ਪ੍ਰਧਾਨ ਮੰਤਰੀ ਕਾਹਿਰਾ ਵਿਚ 'ਹੈਲੀਓਪੋਲਿਸ ਕਾਮਨਵੈਲਥ ਵਾਰ ਗ੍ਰੇਵ ਸੀਮੇਟ੍ਰੀ' ਦਾ ਦੌਰਾ ਕਰਨਗੇ, ਇਕ ਪਵਿੱਤਰ ਸਥਾਨ ਹੈ ਅਤੇ ਭਾਰਤੀ ਫ਼ੌਜ ਦੇ ਲੱਗਭਗ 4,000 ਫ਼ੌਜੀਆਂ ਦੀ ਯਾਦ ਨੂੰ ਸਮਰਪਿਤ ਯਾਦਗਾਰ ਹੈ, ਜਿਨ੍ਹਾਂ ਨੇ ਪਹਿਲੇ ਵਿਸ਼ਵ ਯੁੱਧ ਦੌਰਾਨ ਮਿਸਰ ਅਤੇ ਫਲਸਤੀਨ ਵਿਚ ਸੇਵਾ ਕੀਤੀ ਅਤੇ ਸ਼ਹੀਦ ਹੋਏ। ਮੋਦੀ 11ਵੀਂ ਸਦੀ ਦੀ ਅਲ-ਹਕੀਮ ਮਸਜਿਦ ਦਾ ਵੀ ਦੌਰਾ ਕਰਨਗੇ, ਜਿਸ ਨੂੰ ਦਾਊਦੀ ਬੋਹਰਾ ਭਾਈਚਾਰੇ ਦੀ ਮਦਦ ਨਾਲ ਬਹਾਲ ਕੀਤਾ ਗਿਆ ਹੈ।
 

Manoj

This news is Content Editor Manoj