ਮਾਡਰਨ ਗੁਲਾਮੀ : ਕਈ ਭਾਰਤੀਆਂ ਨੇ ਖਿਲਾਰੀ ਭੁੱਖ

10/15/2017 4:26:19 AM

ਆਕਲੈਂਡ— ਨਿਊਜ਼ੀਲੈਂਡ 'ਚ ਮਾਡਰਨ ਤਰੀਕੇ ਨਾਲ ਗੁਲਾਮੀ ਦੀ ਪ੍ਰਥਾ ਚਲਾਉਣ 'ਚ ਭਾਰਤੀਆਂ ਖਾਸ ਕਰ ਪੰਜਾਬੀਆਂ ਦਾ ਨਿਆਂ ਨਿਤ ਅਖਬਾਰਾਂ ਦੀਆਂ ਸੁਰੱਖੀਆਂ ਬਣ ਰਿਹਾ ਹੈ। ਕਈ ਭਾਰਤੀ ਮਾਲਕਾਂ ਨੇ ਤਾਂ ਇੰਨੀ ਜ਼ਿਆਦਾ ਭੁੱਖ ਖਿਲਾਰੀ ਹੈ ਕਿ ਕਾਨੂੰਨੀ ਨੌਕਰੀ ਦੇਣ ਲਈ 50,000 ਡਾਲਰ ਤਕ ਦੀ ਰਾਸ਼ੀ ਗੈਰ ਕਾਨੂੰਨੀ ਢੰਗ ਨਾਲ ਡਕਾਰਨਾ ਹਾਜ਼ਮੇ ਦੀ ਗੋਲੀ ਖਾਣ ਬਰਾਬਰ ਸਮਝ ਰੱਖਿਆ ਹੈ। ਇਮੀਗ੍ਰੇਸ਼ਨ ਵਿਭਾਗ ਨੇ ਇਥੇ ਤਕ ਕਹਿ ਦਿੱਤਾ ਕਿ ਇਹ ਗਲਤ ਪ੍ਰਥਾ ਦੇਸ਼ ਭਰ 'ਚ ਫੈਲ ਗਈ ਹੈ। ਆਕਲੈਂਡ ਵਿਖੇ ਇੰਟਰਨੈੱਟ ਕੈਫੇ ਦੇ ਭਾਰਤੀ ਮਾਲਿਕਾਂ ਵੱਲੋਂ ਅਜਿਹੀ ਮਾਡਰਨ ਗੁਲਾਮੀ ਦੀ ਕਹਾਣੀ ਸਾਹਮਣੇ ਆਈ ਹੈ। ਇਥੇ ਟੈਕਨੀਸ਼ੀਅਨ ਦੀ ਨੌਕਰੀ ਲਈ 30 ਹਜ਼ਾਰ ਡਾਲਰ ਦੀ ਮੰਗ ਕੀਤੀ ਗਈ, ਜਿਸ 'ਚੋਂ ਉਸ ਨੇ 27 ਹਜ਼ਾਰ ਡਾਲਰ ਭੁਗਤਾਨ ਕੀਤੇ। ਰਾਸ਼ਟਰੀ ਮੀਡੀਆ 'ਚ ਛਪੀਆਂ ਖਬਰਾਂ ਮੁਤਾਬਕ ਇੰਟਰਨੈੱਟ ਕੈਫੇ ਦੇ ਇਕ ਸ਼ੇਅਰ ਹੋਲਡਰ ਹਰਪ੍ਰੀਤ ਨੇ ਆਪਣੇ ਇਕ ਕਾਮੇ ਕੋਲੋਂ 15 ਹਜ਼ਾਰ ਡਾਲਰ ਦੀ ਮੰਗ ਕੀਤੀ। ਇਸ ਕੈਫੇ ਦੇ ਸਾਰੇ ਹਿੱਸੇਦਾਰਾਂ ਨੇ ਭਾਵੇ ਇਨ੍ਹਾਂ ਗੱਲਾਂ ਨੂੰ ਖਾਰਜ ਕੀਤਾ ਹੈ। ਕਾਮਿਆਂ ਨੇ ਇਹ ਵੀ ਕਿਹਾ ਕਿ ਨੌਕਰੀ ਬਾਅਦ ਸਿਰਫ 6 ਡਾਲਰ ਪ੍ਰਤੀ ਘੰਟਾ ਹੀ ਉਨ੍ਹਾਂ ਦੇ ਪੱਲੇ ਪਿਆ, ਜਦਕਿ ਸਰਕਾਰੀ ਦਰ 15.57 ਡਾਲਰ ਪ੍ਰਤੀ ਘੰਟਾ ਹੈ। ਇਮੀਗ੍ਰੇਸ਼ਨ ਵਿਭਾਗ ਕੋਲ ਇਕ ਸਾਲ 'ਚ 1300 ਤੋਂ ਜ਼ਿਆਦਾ ਸ਼ਿਕਾਇਤਾਂ ਮਿਲੀਆਂ ਹਨ ਪਰ ਇਸ ਦੇ ਬਾਵਜੂਦ ਧੋਖੇਬਾਜੀ ਦੇ ਮਹਾਂਰਥੀ ਕੋਈ ਨਾ ਕੋਈ ਲੀਹ ਕੱਢੀ ਰੱਖਦੇ ਹਨ ਤੇ ਸਰਕਾਰੀ ਤੰਤਰ ਦੇ ਘੋੜੇ ਕਾਫੀ ਪਿੱਛੇ ਰਹਿ ਜਾਂਦੇ ਹਨ।