ਲਾਪਤਾ ਜਹਾਜ਼ ਐੱਮ. ਐੱਚ370 ਬਣਿਆ ਰਹੱਸ, ਜਹਾਜ਼ਾਂ ਦੇ ਮਿਲੇ ਟੁੱਕੜਿਆਂ ਦੀ ਹੋਈ ਪਛਾਣ

05/03/2018 5:01:21 PM

ਸਿਡਨੀ— 8 ਮਾਰਚ 2014 ਨੂੰ ਲਾਪਤਾ ਹੋਇਆ ਮਲੇਸ਼ੀਆ ਏਅਰਲਾਈਨਜ਼ ਦਾ ਜਹਾਜ਼ ਐੱਮ. ਐੱਚ370 ਅਜੇ ਵੀ ਰਹੱਸ ਬਣਿਆ ਹੋਇਆ ਹੈ। ਇਸ ਜਹਾਜ਼ 'ਚ 239 ਲੋਕ ਸਵਾਰ ਸਨ। ਉਨ੍ਹਾਂ 'ਚੋਂ ਜ਼ਿਆਦਾਤਰ ਚੀਨ ਤੋਂ ਸਨ ਅਤੇ 6 ਆਸਟ੍ਰੇਲੀਆ ਦੇ ਨਾਗਰਿਕ ਸਵਾਰ ਸਨ। ਇਸ ਜਹਾਜ਼ ਨੇ ਕੁਆਲਾਲੰਪੁਰ ਤੋਂ ਬੀਜਿੰਗ ਲਈ ਉਡਾਣ ਭਰੀ ਸੀ। ਹਵਾਬਾਜ਼ੀ ਇਤਿਹਾਸ ਦੀ ਸਭ ਤੋਂ ਵੱਡੀ ਖੋਜ ਦੌਰਾਨ ਜਹਾਜ਼ ਦਾ ਅਜੇ ਤੱਕ ਕੋਈ ਨਿਸ਼ਾਨ ਨਹੀਂ ਮਿਲਿਆ। ਲਾਪਤਾ ਜਹਾਜ਼ ਦੀ ਭਾਲ ਪਿਛਲੇ ਸਾਲ ਜਨਵਰੀ ਮਹੀਨੇ ਬੰਦ ਕਰ ਦਿੱਤੀ ਗਈ ਸੀ। ਹਾਲਾਂਕਿ ਕਿ ਆਸਟ੍ਰੇਲੀਆ ਨੂੰ ਭਾਲ ਦੌਰਾਨ ਦੋ ਜਹਾਜ਼ਾਂ ਦੇ ਟੁੱਕੜੇ ਮਿਲੇ, ਜਿਨ੍ਹਾਂ ਦੀ ਪਛਾਣ ਕਰ ਲਈ ਗਈ ਹੈ। 


ਲਾਪਤਾ ਜਹਾਜ਼ ਐੱਮ. ਐੱਚ370 ਦੀ ਦੱਖਣੀ ਆਸਟ੍ਰੇਲੀਆਈ ਸਾਗਰ 'ਚ ਤਲਾਸ਼ ਦੌਰਾਨ ਮਿਲੇ ਦੋ ਜਹਾਜ਼ਾਂ ਦੇ ਟੁੱਕੜਿਆਂ ਦੀ ਪਛਾਣ ਹੋਈ ਹੈ। ਇਹ ਟੁੱਕੜੇ ਆਸਟ੍ਰੇਲੀਆ ਨੂੰ ਸਮੁੰਦਰ 'ਚ 3900 ਮੀਟਰ ਦੀ ਡੂੰਘਾਈ 'ਚ ਮਿਲੇ, ਜਿਸ ਤੋਂ ਇਹ ਆਸ ਜਾਗੀ ਸੀ ਕਿ ਇਹ ਲਾਪਤਾ ਜਹਾਜ਼ ਦਾ ਮਲਬਾ ਹੋ ਸਕਦਾ ਹੈ। ਪੱਛਮੀ ਆਸਟ੍ਰੇਲੀਅਨ ਮਿਊਜ਼ਿਅਮ ਨੇ ਸੋਨਾਰ ਅਤੇ ਵੀਡੀਓ ਡਾਟਾ ਦਾ ਵਿਸ਼ਲੇਸ਼ਣ ਕੀਤਾ, ਜਿਸ ਤੋਂ ਇਹ ਪਤਾ ਲਾਇਆ ਗਿਆ ਹੈ ਕਿ ਇਹ ਟੁੱਕੜੇ ਲਾਪਤਾ ਜਹਾਜ਼ ਐੱਮ. ਐੱਚ370 ਦੇ ਨਹੀਂ ਸਗੋਂ ਕਿ 19ਵੀਂ ਸਦੀ ਦੇ ਵਪਾਰਕ ਜਹਾਜ਼ਾਂ ਦੇ ਹਨ। ਇਨ੍ਹਾਂ ਜਹਾਜ਼ਾਂ ਵਿਚੋਂ ਇਕ ਲੱਕੜ ਅਤੇ ਦੂਜਾ ਲੋਹੇ ਦਾ ਸੀ। ਦੋਵੇਂ ਜਹਾਜ਼ਾਂ ਕੋਲਾ ਲੈ ਜਾਂਦੇ ਸਨ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਹਾਜ਼ ਦੀ ਸਮੁੰਦਰ ਦੀ ਡੂੰਘਾਈ ਤੱਕ ਭਾਲ ਕਰਨ ਦੇ ਬਾਵਜੂਦ ਕੋਈ ਨਿਸ਼ਾਨ ਨਹੀਂ ਮਿਲਿਆ, ਇਹ ਸਵਾਲ ਖੋਜਕਰਤਾਵਾਂ ਲਈ ਇਕ ਵੱਡਾ ਰਹੱਸ ਬਣਿਆ ਹੋਇਆ ਹੈ ਕਿ ਆਖਰਕਾਰ ਜਹਾਜ਼ ਕਿੱਥੇ ਗਿਆ।