ਚੀਨ ਦੀ ''ਸ਼ੀਤ ਯੁੱਧ ਮਾਨਸਿਕਤਾ'' ਨੂੰ ਦਰਸਾਉਂਦਾ ਹੈ ਪਰਮਾਣੂ ਮਿਜ਼ਾਈਲ ਸਾਈਲੋ ਦਾ ਨਿਰਮਾਣ

08/03/2021 1:54:19 PM

ਬੀਜਿੰਗ (ਬਿਊਰੋ): ਚੀਨ ਆਪਣੇ ਉੱਤਰ-ਪੱਛਮ ਇਲਾਕੇ ਦੇ ਰੇਗਿਸਤਾਨ ਵਿਚ 119 ਨਵੇਂ ਮਿਜ਼ਾਈਲ ਸਾਈਲੋ ਬਣਾ ਰਿਹਾ ਹੈ। ਇਹ ਚੀਨ ਦੀ ਸ਼ੀਤ ਯੁੱਧ ਮਾਨਸਿਕਤਾ ਨੂੰ ਦਰਸਾਉਂਦਾ ਹੈ। ਚੀਨ ਦੀ ਇਸ ਚਾਲ ਦਾ ਖੁਲਾਸਾ ਸੈਟੇਲਾਈਟ ਤਸਵੀਰਾਂ ਜ਼ਰੀਏ ਹੋਇਆ ਹੈ। ਸੈਟੇਲਾਈਟ ਤੋਂ ਮਿਲੀਆਂ ਤਸਵੀਰਾਂ ਵਿਚ ਸਪਸ਼ੱਟ ਤੌਰ 'ਤੇ ਬਹੁਤ ਸਾਰੇ ਸਾਈਲੋ ਦਿਸ ਰਹੇ ਹਨ। ਸਾਈਲੋ ਇਕ ਲੰਬਾ, ਡੂੰਘਾ ਅਤੇ ਸਿਲੰਡਰ ਜਿਹਾ ਟੋਇਆ ਹੁੰਦਾ ਹੈ ਜਿਸ ਦੇ ਅੰਦਰ ਅੰਤਰਮਹਾਦੀਪੀ ਪਰਮਾਣੂ ਬੈਲਿਸਟਿਕ ਮਿਜ਼ਾਈਲਾਂ ਰੱਖੀਆਂ ਜਾਂਦੀਆਂ ਹਨ। ਲੋੜ ਪੈਣ 'ਤੇ ਇਹਨਾਂ ਸਾਈਲੋ ਦਾ ਢੱਕਣ ਖੋਲ੍ਹ ਕੇ ਉੱਥੋਂ ਮਿਜ਼ਾਈਲ ਲਾਂਚ ਕਰ ਦਿੱਤੀ ਜਾਂਦੀ ਹੈ। ਚੀਨ ਦੇ ਪਰਮਾਣੂ ਹਥਿਆਰ ਪ੍ਰੋਗਰਾਮ ਵਿਚ ਇਹ ਸਭ ਤੋਂ ਵੱਡਾ ਇਤਿਹਾਸਿਕ ਕਦਮ ਦੱਸਿਆ ਜਾ ਰਿਹਾ ਹੈ।

ਵਪਾਰਕ ਸੈਟੇਲਾਈਟ ਤੋਂ ਲਈਆਂ ਗਈਆਂ ਤਸਵੀਰਾਂ ਦੇ ਆਧਾਰ 'ਤੇ ਰੱਖਿਆ ਮਾਹਰਾਂ ਨੇ ਕਿਹਾ ਕਿ ਚੀਨ ਆਪਣੇ ਦੇਸ਼ ਅੰਦਰ 119 ਅੰਤਰਮਹਾਦੀਪੀ ਪਰਮਾਣੂ ਬੈਲਿਸਟਿਕ ਮਿਜ਼ਾਈਲ (Intercontinental Nuclear Ballistic Missile - ICBM) ਦੇ ਸਾਈਲੋ ਬਣਾ ਰਿਹਾ ਹੈ। ਇਹ ਮਿਜ਼ਾਈਲਾਂ ਅਮਰੀਕਾ ਤੱਕ ਨਿਸ਼ਾਨਾ ਬਣਾਉਣ ਦੀ ਸਮਰੱਥਾ ਰੱਖਦੀਆਂ ਹਨ। ਭਾਵੇਂਕਿ ਕਿਸੇ ਨੂੰ ਇਹ ਨਹੀਂ ਪਤਾ ਕਿ ਇਹਨਾਂ ਸਾਈਲਾਂ ਵਿਚ ਮਿਜ਼ਾਈਲਾਂ ਹਨ ਜਾਂ ਨਹੀਂ। ਕੈਲੀਫੋਰਨੀਆ ਦੇ ਮੋਂਟੇਰੀ ਸਥਿਤ ਜੇਮਜ਼ ਮਾਰਟਿਨ ਸੈਂਟਰ ਫੌਰ ਨੌਨਪ੍ਰੋਲਿਫਿਰੇਸ਼ਨ ਸਟੱਡੀਜ਼ ਦੇ ਖੋਜੀਆਂ ਨੇ ਪਲੈਨੇਟ ਲੈਬਸ ਦੀਆਂ ਸੈਟੇਲਾਈਟ ਤੋਂ ਪ੍ਰਾਪਤ ਤਸਵੀਰਾ ਦੀ ਜਾਂਚ ਕੀਤੀ।ਉਸ ਵਿਚ ਚੀਨ ਦੇ ਉੱਤਰ-ਪੱਛਮ ਵਿਚ ਸਥਿਤ ਯੂਮੇਨ ਸ਼ਹਿਰ ਦੇ ਰੇਗਿਸਤਾਨ ਵਿਚ ਇਹ ਮਿਜ਼ਾਈਲ ਸਾਈਲੋ ਦੇਖੇ ਗਏ। ਇਹ ਸਾਈਲੋ ਇਕ ਵਿੰਡ ਫਾਰਮ ਨੇੜੇ ਬਣਾਏ ਗਏ ਹਨ। 

ਪਲੈਨੇਟ ਲੈਬਸ ਦੇ ਸਹਿ ਸੰਸਥਾਪਕ ਅਤੇ ਸੀ.ਈ.ਓ. ਬਿਲ ਮਾਰਸ਼ਲ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਉਹਨਾਂ ਨੇ ਆਪਣੇ ਟਵੀਟ ਵਿਚ ਦੋ ਤਸਵੀਰਾਂ ਦਿਖਾਈਆਂ ਹਨ।ਇਹ ਇਲਾਕਾ ਜਨਵਰੀ 2021 ਵਿਚ ਇੰਨਾ ਜ਼ਿਆਦਾ ਵਿਕਸਿਤ ਨਹੀਂ ਸੀ ਪਰ ਜੂਨ ਆਉਂਦੇ-ਆਉਂਦੇ ਇੱਥੇ ਸੈਂਕੜੇ ਸਾਈਲੋ ਬਣੇ ਦਿਸ ਰਹੇ ਹਨ। ਪਹਿਲੇ ਇੱਥੇ ਸਿਰਫ ਰੇਗਿਸਤਾਨ ਹੋਇਆ ਕਰਦਾ ਸੀ। ਹੁਣ ਪਰਮਾਣੂ ਮਿਜ਼ਾਈਲਾਂ ਦਾ ਘਰ ਬਣ ਰਿਹਾ ਹੈ। ਚੀਨ ਪਰਮਾਣੂ ਹਥਿਆਰਾਂ ਦੇ ਮਾਮਲੇ ਵਿਚ ਦੁਨੀਆ ਦਾ ਪੰਜਵਾਂ ਸਭ ਤੋਂ ਵੱਧ ਤਾਕਤਵਰ ਦੇਸ਼ ਹੈ। ਉਸ ਕੋਲ 250 ਤੋਂ 350 ਪਰਮਾਣੂ ਹਥਿਆਰ ਹਨ। ਜਦਕਿ ਅਮਰੀਕਾ ਕੋਲ 5800 ਪਰਮਾਣੂ ਹਥਿਆਰ ਹਨ ਜਿਹਨਾਂ ਵਿਚੋਂ 1373 ਹਮੇਸ਼ਾ ਮਿਜ਼ਾਈਲਾਂ, ਬੰਬਾਰ ਅਤੇ ਪਣਡੁੱਬੀਆਂ ਵਿਚ ਤਾਇਨਾਤ ਰਹਿੰਦੇ ਹਨ। 

ਪੜ੍ਹੋ ਇਹ ਅਹਿਮ ਖਬਰ -ਕੈਨੇਡਾ : ਪਾਰਕ 'ਚ ਬੈਠੀਆਂ ਪੰਜਾਬਣ ਬੀਬੀਆਂ 'ਤੇ ਇਕ ਗੋਰੇ ਜੋੜੇ ਵੱਲੋਂ ਨਸਲੀ ਹਮਲਾ

ਉੱਥੇ ਰੂਸ ਕੋਲ ਕੁੱਲ ਮਿਲਾ ਕੇ 6375 ਪਰਮਾਣੂ ਹਥਿਆਰ ਹਨ। ਜਿਹਨਾਂ ਵਿਚੋਂ 1326 ਹਮੇਸ਼ਾ ਤਾਇਨਾਤ ਰਹਿੰਦੇ ਹਨ। ਚੀਨ ਕੋਲ 50 ਤੋਂ 75 ICBM ਮਿਜ਼ਾਈਲਾਂ ਹਨ। ਚਾਰ ਪਰਮਾਣੂ ਮਿਜ਼ਾਈਲਾਂ ਨਾਲ ਲੈਸ ਪਣਡੁੱਬੀਆਂ ਹਨ। ਇਹਨਾਂ ਨੂੰ ਜਲਦ ਹੀ ਵਧਾ ਕੇ 8 ਤੋਂ 9 ਕਰਨ ਦੀ ਤਿਆਰੀ ਹੈ। ਚੀਨ ਕੋਲ H-6 ਬੰਬਾਰ ਹਨ ਜੋ ਪਰਮਾਣੂ ਹਥਿਆਰ ਲਿਜਾਣ ਦੀ ਸਮਰੱਥਾ ਰੱਖਦੇ ਹਨ। ਚੀਨ ਇਕ ਅਤੀ ਆਧੁਨਿਕ ਬੰਬਾਰ ਬਣਾ ਰਿਹਾ ਹੈ ਜਿਸ ਦਾ ਨਾਮ ਜਿਆਨ H-20 (Xian H-20) ਹੈ। ਆਮਤੌਰ 'ਤੇ ਚੀਨ ਦੀਆਂ ICBM ਮਿਜ਼ਾਈਲਾਂ ਟਰੱਕਾਂ 'ਤੇ ਲੱਗੇ ਲਾਂਚਰ ਵਿਚ ਹੁੰਦੀਆਂ ਹਨ। ਇਹ ਟਰੱਕ ਗੁਫਾਵਾਂ ਵਿਚ ਲੁਕੋਏ ਜਾਂਦੇ ਹਨ।
 

Vandana

This news is Content Editor Vandana