ਚੀਨ ''ਚ ਲੱਖਾਂ ਲੋਕਾਂ ਨੇ ਸਟੀਫਨ ਨੂੰ ਦਿੱਤੀ ਸ਼ਰਧਾਂਜਲੀ

03/14/2018 5:19:25 PM

ਸ਼ੰਘਾਈ— ਸਰੀਰਕ ਚੁਣੌਤੀਆਂ ਦੇ ਬਾਵਜੂਦ ਵਿਗਿਆਨ ਜਗਤ ਵਿਚ ਆਪਣੀ ਛਾਪ ਛੱਡਣ ਵਾਲੇ ਸਟੀਫਨ ਹਾਕਿੰਗ ਨੂੰ ਚੀਨ ਵਿਚ ਲੱਖਾਂ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਸ਼ਰਧਾਂਜਲੀ ਦਿੱਤੀ। ਆਪਣੇ ਪ੍ਰਸ਼ੰਸਕਾਂ ਦੇ ਪਿਆਰ ਨੂੰ ਦੇਖਦੇ ਹੋਏ ਚੀਨ ਵਿਚ ਮਸ਼ਹੂਰ ਬ੍ਰਿਟਿਸ਼ ਵਿਗਿਆਨੀ ਨੇ ਦੋ ਸਾਲ ਪਹਿਲਾਂ 'ਵੀਬੋ' ਸੋਸ਼ਲ ਮੀਡੀਆ 'ਤੇ ਆਪਣਾ ਅਕਾਊਂਟ ਖੋਲ੍ਹਿਆ ਸੀ, ਜਿੱਥੇ ਉਨ੍ਹਾਂ ਨੇ ਚੀਨੀ ਅਤੇ ਅੰਗਰੇਜ਼ੀ ਦੋਹਾਂ 'ਚ ਪੋਸਟ ਕੀਤਾ। ਵੀਬੋ ਟਵਿੱਟਰ ਵਾਂਗ ਹੀ ਇਕ ਸੋਸ਼ਲ ਮੀਡੀਆ ਪਲੇਟਫਾਰਮ ਹੈ। 
ਵੀਬੋ ਅਕਾਊਂਟ ਖੋਲ੍ਹਣ ਦੇ ਸਿਰਫ ਕੁਝ ਹੀ ਘੰਟੇ ਵਿਚ ਉਨ੍ਹਾਂ ਦੇ 10 ਲੱਖ ਪ੍ਰਸ਼ੰਸਕ ਉਨ੍ਹਾਂ ਨਾਲ ਜੁੜ ਗਏ ਅਤੇ ਹੁਣ ਤੱਕ ਉਨ੍ਹਾਂ ਦੀ ਤਾਦਾਦ 50 ਲੱਖ ਹੋ ਚੁੱਕੀ ਹੈ। ਚੀਨ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ 'ਹਾਕਿੰਗ ਦਾਦਾ' ਜਾਂ 'ਅੰਕਲ ਹਾਕਿੰਗ' ਵਰਗਾ ਉਪਨਾਮ ਦਿੱਤਾ। ਉਨ੍ਹਾਂ ਦੇ ਦਿਹਾਂਤ ਦੀ ਖਬਰ ਮਿਲਦੇ ਹੀ ਵੀਬੋ 'ਤੇ ਟਰੈਂਡ ਕਰਨ ਵਾਲਾ ਵਿਸ਼ਾ ਬਣ ਗਿਆ ਅਤੇ 2 ਲੱਖ ਕੁਮੈਂਟ ਆ ਗਏ।
ਵਿਗਿਆਨੀ ਦੇ ਦਿਹਾਂਤ ਨੂੰ ਕਈਆਂ ਨੇ 'ਵੱਡੇ ਤਾਰੇ ਦਾ ਡਿੱਗਣਾ' ਦੱਸਿਆ। ਇਕ ਯੂਜ਼ਰ ਨੇ ਕਿਹਾ, ''ਉਨ੍ਹਾਂ ਦਾ ਸਰੀਰ ਉਨ੍ਹਾਂ ਨੂੰ ਬੰਨ ਨਹੀਂ ਸਕਿਆ। ਅੱਜ ਇਹ 'ਸੁਪਰ ਮਾਨਵ ਦਿਮਾਗ' ਦੁਨੀਆ ਛੱਡ ਕੇ ਅਗਲੀ ਰਹੱਸਮਈ ਯਾਤਰਾ ਲਈ ਨਿਕਲ ਚੁੱਕਾ ਹੈ।'' ਇਕ ਹੋਰ ਯੂਜ਼ਰ ਨੇ ਲਿਖਿਆ, ''ਦੂਜੀ ਦੁਨੀਆ ਤੋਂ ਸਾਨੂੰ ਸੂਚਨਾ ਭੇਜਣ ਦੀ ਉਨ੍ਹਾਂ 'ਚ ਸ਼ਕਤੀ ਸੀ।'' ਹਾਕਿੰਗ ਨੇ ਚੀਨ ਦੀ ਯਾਤਰਾ ਕੀਤੀ ਸੀ ਅਤੇ 2002 ਵਿਚ ਉਹ ਚੀਨ ਦੀ ਕੰਧ ਦੇਖਣ ਵੀ ਗਏ ਸਨ।