ਆਸਟ੍ਰੇਲੀਆ ''ਚ ਕੋਰੋਨਾ ਦੇ ਮਾਮਲੇ ਘਟਣ ਤੋਂ ਬਾਅਦ ਸਕੂਲਾਂ ਨੂੰ ਪਰਤੇ ਲੱਖਾਂ ਵਿਦਿਆਰਥੀ

05/26/2020 12:31:05 AM

ਕੈਨਬਰਾ- ਦੁਨੀਆ ਭਰ ਦੇ ਕਈ ਦੇਸ਼ਾਂ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ ਪਰ ਆਸਟ੍ਰੇਲੀਆ ਵਿਚ ਕੋਰੋਨਾ ਵਾਇਰਸ ਨੂੰ ਠੱਲ ਪੈਂਦੀ ਦਿਖ ਰਹੀ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਘੱਟਦੇ ਮਾਮਲਿਆਂ ਨੂੰ ਦੇਖਦੇ ਹੋਏ ਆਸਟ੍ਰੇਲੀਆਂ ਦੇ ਕੁਝ ਇਲਾਕਿਆਂ ਵਿਚ ਸਕੂਲ ਮੁੜ ਖੁੱਲ੍ਹਣ ਤੋਂ ਬਾਅਦ ਲੱਖਾਂ ਵਿਦਿਆਰਥੀ ਪੜਾਈ ਲਈ ਪਰਤੇ ਹਨ।

ਆਸਟ੍ਰੇਲੀਆ ਵਿਚ ਨਿਊ ਸਾਊਥ ਵੇਲਸ ਤੇ ਕੁਈਨਸਲੈਂਡ ਸਣੇ ਵੈਸਟਰਨ ਆਸਟ੍ਰੇਲੀਆ ਤੇ ਸਾਊਥ ਆਸਟ੍ਰੇਲੀਆ ਦੇ ਕਈ ਸਕੂਲਾਂ ਨੂੰ ਖੋਲ੍ਹ ਦਿੱਤਾ ਗਿਆ ਹੈ ਤਾਂ ਕਿ ਬੱਚੇ ਫੇਸ-ਟੂ-ਫੇਸ ਅਧਿਆਪਕਾਂ ਤੋਂ ਸਿਖਿਆ ਲੈ ਸਕਣ। ਕੁਈਨਸਲੈਂਡ ਪ੍ਰੀਮੀਅਰ ਅਨਾਸਤਾਸੀਆ ਪਲਾਸਕਜ਼ੁਕ ਨੇ ਸੋਮਵਾਰ ਨੂੰ ਕਿਹਾ ਕਿ ਇਸ ਦੌਰਾਨ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਇਕ ਮਹੱਤਵਪੂਰਨ ਹੁਕਮ ਮੰਨਣਾ ਪਵੇਗਾ ਕਿ ਜੇਕਰ ਬੀਮਾਰ ਹੋ ਤਾਂ ਘਰੇ ਰਹੋ। ਉਨ੍ਹਾਂ ਕਿਹਾ ਕਿ ਅਸੀਂ ਅਜੇ ਇਸ ਤੋਂ ਪੂਰੀ ਤਰ੍ਹਾਂ ਬਾਹਰ ਨਹੀਂ ਨਿਕਲੇ ਹਾਂ। ਸਾਨੂੰ ਅਜੇ ਵੀ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ।

ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਹੋਰ ਸੂਬੇ ਜੂਨ ਮਹੀਨੇ ਤੋਂ ਬੱਚਿਆਂ ਨੂੰ ਸਕੂਲ ਭੇਜਣ ਦੀ ਯੋਜਨਾ ਬਣਾ ਰਹੇ ਹਨ, ਜਿਨ੍ਹਾਂ ਵਿਚ ਵਿਕਟੋਰੀਆ ਤੇ ਤਸਮਾਨੀਆ ਸ਼ਾਮਲ ਹੈ। ਜਦਕਿ ਆਸਟ੍ਰੇਲੀਆ ਦੇ ਸਭ ਤੋਂ ਵਧੇਰੇ ਆਬਾਦੀ ਵਾਲੇ ਸੂਬੇ ਨਿਊ ਸਾਊਥ ਵੇਲਜ਼ ਤੇ ਤੀਜੇ ਸਭ ਤੋਂ ਵਧੇਰੇ ਆਬਾਦੀ ਵਾਲੇ ਸੂਬੇ ਕੁਈਨਸਲੈਂਡ ਸਕੂਲ ਮੁੜ ਖੋਲ੍ਹਣ 'ਤੇ ਸਹਿਮਤ ਹਨ ਪਰ ਸਾਂਝੀ ਸਰਹੱਦ ਨੂੰ ਮੁੜ ਖੋਲ੍ਹਣ 'ਤੇ ਉਨ੍ਹਾਂ ਦੇ ਵਿਚਾਰ ਵੱਖਰੇ ਹਨ। ਨਿਊ ਸਾਊਥ ਵੇਲਜ਼ ਵਿਚ ਆਸਟਰੇਲੀਆ ਦੀਆਂ 102 ਕੋਵਿਡ-19 ਮੌਤਾਂ ਵਿਚੋਂ 50 ਮੌਤਾਂ ਦਰਜ ਕੀਤੀਆਂ ਗਈਆਂ ਹਨ ਤੇ ਉਹ ਚਾਹੁੰਦਾ ਹੈ ਕਿ ਸਾਰੀਆਂ ਸੂਬਿਆਂ ਦੀਆਂ ਸਰਹੱਦਾਂ ਮੁੜ ਤੋਂ ਖੋਲ੍ਹ ਦਿੱਤੀਆਂ ਜਾਣ। ਕੁਈਨਸਲੈਂਡ ਵਿਚ ਸਿਰਫ ਛੇ ਮੌਤਾਂ ਦਰਜ ਹੋਈਆਂ ਹਨ ਤੇ ਉਸ ਦੀ ਸਰਹੱਦ ਖੋਲ੍ਹਣ ਦੀ ਕੋਈ ਯੋਜਨਾ ਨਹੀਂ ਹੈ।

ਦੱਖਣੀ ਆਸਟ੍ਰੇਲੀਆ ਤੇ ਨਾਰਥਨ ਟੈਰਾਟਰੀ ਵਿਚ ਕੋਈ ਸਰਗਰਮ ਮਾਮਲਾ ਨਹੀਂ ਹੈ ਤੇ ਉਨ੍ਹਾਂ ਦੀਆਂ ਸਰਹੱਦਾਂ ਬੰਦ ਹਨ। ਆਸਟਰੇਲੀਆ ਦੀ ਕੈਪੀਟਲ ਟੈਰਾਟਰੀ ਵਿਚ ਬੀਤੇ ਤਿੰਨ ਹਫਤਿਆਂ ਵਿਚ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਤੇ ਉਸ ਨੇ ਆਪਣੀਆਂ ਸਰਹੱਦਾਂ ਨਿਊ ਸਾਊਥ ਵੇਲਸ ਤੇ ਵਿਕਟੋਰੀਆਂ ਵਾਂਗ ਖੁੱਲ੍ਹੀਆਂ ਛੱਡ ਦਿੱਤੀਆਂ ਹਨ।

Baljit Singh

This news is Content Editor Baljit Singh