ਮਹਿੰਗਾਈ ਨੇ ਪਾਕਿਸਤਾਨੀਆਂ ਦੇ ਕੱਢੇ ਵੱਟ, ਪੈਟਰੋਲ ਤੋਂ ਮਹਿੰਗਾ ਹੋਇਆ ਦੁੱਧ

09/10/2019 7:21:49 PM

ਕਰਾਚੀ— ਮਹਿੰਗਾਈ ਦੀ ਮਾਰ ਝੱਲ ਰਹੇ ਪਾਕਿਸਤਾਨ 'ਚ ਦੁੱਧ ਜਿਹੀਆਂ ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਦੀ ਕੀਮਤ ਪਹਿਲਾਂ ਤੋਂ ਹੀ ਜ਼ਿਆਦਾ ਸੀ ਤੇ ਹੁਣ ਮੁਹਰਮ ਦੇ ਮੌਕੇ ਇਹ ਕੀਮਤਾਂ ਸੱਤਵੇਂ ਆਸਮਾਨ 'ਤੇ ਪਹੁੰਚ ਗਈਆਂ ਹਨ। ਜਿਥੇ ਦੇਸ਼ 'ਚ ਪੈਟਰੋਲ ਦੀ ਕੀਮਤ 113 ਰੁਪਏ ਪ੍ਰਤੀ ਲੀਟਰ ਹੈ ਉਥੇ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਤੇ ਸਿੰਧ 'ਚ ਦੁੱਧ ਦੀ ਕੀਮਤ 140 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ। ਸਿੰਧ ਸਰਕਾਰ ਨੇ ਕਿਹਾ ਕਿ ਉਸ ਨੇ ਮਾਮਲੇ ਦਾ ਨੋਟਿਸ ਲਿਆ ਹੈ ਤੇ ਡੇਅਰੀ ਫਾਰਮ ਮਾਲਕਾਂ ਦੇ ਨਾਲ 13 ਸਤੰਬਰ ਨੂੰ ਇਕ ਬੈਠਕ ਬੁਲਾਈ ਗਈ ਹੈ।

ਇਕ ਪਾਕਿਸਤਾਨੀ ਅਖਬਾਰ ਦੀ ਰਿਪੋਰਟ 'ਚ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਡੇਅਰੀ ਮਾਫਿਆ ਮੁਹਰਮ ਦੇ ਮੌਕੇ ਦੁੱਧ ਦੀ ਵਧੀ ਮੰਗ ਵਿਚਾਲੇ ਨਾਗਰਿਕਾਂ ਤੋਂ ਲੁੱਟ 'ਤੇ ਉਤਾਰੂ ਹਨ ਤੇ ਮਰਜ਼ੀ ਨਾਲ ਕੀਮਤ ਵਸੂਲ ਰਹੇ ਹਨ। ਮੁਹਰਮ ਦੀ 9 ਜਾਂ 10 ਤਰੀਕ ਨੂੰ ਲੋਕਾਂ ਦੇ ਵਿਚਾਲੇ ਵੰਡਣ ਲਈ ਦੁੱਧ ਦਾ ਸ਼ਰਬਤ, ਖੀਰ ਆਦਿ ਬਣਾਏ ਜਾਂਦੇ ਹਨ। ਵਧੀ ਮੰਗ ਦੇ ਵਿਚਾਲੇ ਦੁੱਧ ਦੇ ਦੁਕਾਨਦਾਰਾਂ ਨੇ ਕੀਮਤਾਂ ਬੇਹੱਦ ਵਧਾ ਦਿੱਤੀਆਂ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਨਾਗਰਿਕ ਪ੍ਰਸ਼ਾਸਨ ਤੇ ਸਿੰਧ ਦੀ ਹਕੂਮਤ ਨੂੰ ਲੋਕਾਂ ਦੀ ਪਰੇਸ਼ਾਨੀ ਨਾਲ ਕੋਈ ਸਰੋਕਾਰ ਨਹੀਂ ਹੈ ਤੇ ਉਹ ਆਪਣੀਆਂ ਅੱਖਾਂ ਬੰਦ ਕੀਤੇ ਹੋਏ ਹਨ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਦੁੱਧ ਦੀਆਂ ਦੁਕਾਨਾਂ ਹਰ ਵੇਲੇ ਖੁੱਲੀਆਂ ਰੱਖਣ ਦੀ ਬਜਾਏ ਸਵੇਰੇ ਤੇ ਸ਼ਾਮ ਦੇ ਕੁਝ ਘੰਟੇ ਹੀ ਖੋਲੀਆਂ ਜਾ ਰਹੀਆਂ ਹਨ। ਅਜਿਹੇ 'ਚ ਦੁੱਧ ਦਾ ਮਿਲਣਾ ਕੋਈ ਆਸਾਨ ਕੰਮ ਨਹੀਂ ਰਹਿ ਗਿਆ। ਦੁੱਧ ਦੀ ਸਰਕਾਰ ਵਲੋਂ ਤੈਅ ਕੀਤੀ ਕੀਮਤ ਵੀ ਘੱਟ ਨਹੀਂ ਹੈ। ਸਰਕਾਰ ਨੇ ਇਕ ਲੀਟਰ ਦੁੱਧ ਦੀ ਕੀਮਤ 94 ਰੁਪਏ ਪ੍ਰਤੀ ਲੀਟਰ ਤੈਅ ਕੀਤੀ ਹੋਈ ਹੈ ਪਰ ਪਾਕਿਸਤਾਨ 'ਚ ਦੁੱਧ 110 ਰੁਪਏ ਪ੍ਰਤੀ ਲੀਟਰ ਤੋਂ ਘੱਟ 'ਚ ਨਹੀਂ ਮਿਲਦਾ।  

Baljit Singh

This news is Content Editor Baljit Singh