ਮਿਡਲੈਂਡਸ ਟਰੇਂਡ ਵਫਦ ਭਾਰਤ ''ਚ ਕਾਰੋਬਾਰ ਦੀਆਂ ਸੰਭਾਵਨਾਵਾਂ ਲੱਭਣ ਲਈ ਦੌਰਾ ਕਰੇਗਾ

07/18/2018 8:42:15 AM


ਲੰਡਨ, (ਜ. ਬ.)— ਇੰਗਲੈਂਡ ਦੇ ਲਘੂ ਅਤੇ ਦਰਮਿਆਨੇ ਉਦਮੀਆਂ ਨੂੰ ਭਾਰਤ ਦੀਆਂ ਮੰਡੀਆਂ ਵਿਚ ਹੋ ਰਹੇ ਵਿਕਾਸ ਨੂੰ ਮੁੱਖ ਰੱਖਦਿਆਂ ਮਾਰਕੀਟ ਦੇ ਅਵਸਰਾਂ ਦੀ ਖੋਜ ਅਤੇ ਨਿਵੇਸ਼ ਦੀ ਬਹੁਤ ਲੋੜ ਹੈ। ਇਸ ਸਬੰਧੀ ਪਿਛਲੇ ਦਿਨੀਂ ਕਾਨਸੁਲੇਟ ਜਨਰਲ ਆਫ ਇੰਡੀਆ ਵਲੋਂ ਬਰਮਿੰਘਮ ਵਿਚ ਆਯੋਜਿਤ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਵਿਚ ਇਸ ਗੱਲ ਦੀ ਬੜੀ ਉਤਸ਼ਾਹਪੂਰਨ ਚਰਚਾ ਹੋਈ ਕਿ ਮਿਡਲੈਂਡਸ ਅਤੇ ਨਾਰਥ ਇੰਗਲੈਂਡ ਆਧਾਰਤ ਲਘੂ ਅਤੇ ਦਰਮਿਆਨੇ ਉਦਮੀਆਂ ਨੂੰ ਭਾਰਤੀ ਮੰਡੀ ਵਿਚ ਆਪਣਾ ਕਾਰੋਬਾਰ ਵਧਾਉਣ ਲਈ ਮੌਕੇ ਪੇਸ਼ ਕੀਤੇ ਗਏ ਹਨ, ਜਿਸ ਦਾ ਉਦੇਸ਼ ਇੱਛੁਕ ਕੰਪਨੀਆਂ ਨੂੰ ਭਾਰਤੀ ਮਾਰਕੀਟ 'ਚ ਦਾਖਲ ਹੋ ਕੇ ਅਧਿਐਨ ਕਰਨਾ ਚਾਹੀਦਾ ਹੈ।
ਸ਼੍ਰੀ ਐਂਡੀ ਸਟ੍ਰੀਟ, ਮੇਅਰ, ਵੈਸਟ ਮਿਡਲੈਂਡਸ ਨੇ ਦੱਸਿਆ ਕਿ ਯੂ. ਕੇ. ਅਤੇ ਭਾਰਤ ਦੇ ਨਾਲ ਨਾ ਸਿਰਫ ਸਿਆਸੀ ਅਤੇ ਸੱਭਿਆਚਾਰਕ ਰਿਸ਼ਤੇ ਮਜ਼ਬੂਤ ਹਨ ਬਲਕਿ ਕਾਰੋਬਾਰੀ ਰਿਸ਼ਤਾ ਵੀ ਬਹੁਤ ਨਿੱਘਾ ਅਤੇ ਡੂੰਘਾ ਹੈ। ਸ਼੍ਰੀ ਸਟ੍ਰੀਟ ਨੇ ਇਹ ਵੀ ਦੱਸਿਆ ਕਿ ਵੈਸਟ ਮਿਡਲੈਂਡਸ ਵਿਚ ਲਘੂ ਅਤੇ ਦਰਮਿਆਨਾ ਉਦਮੀ ਸੈਕਟਰ ਬਹੁਤ ਉਤਸ਼ਾਹਪੂਰਨ ਹੈ ਅਤੇ ਇਹ ਦੇਖਿਆ ਗਿਆ ਹੈ ਕਿ ਯੂ. ਕੇ. ਨੂੰ ਭਾਰਤ ਦੀ ਭਾਈਵਾਲੀ ਨਾਲ ਆਪਣੀ 14ਵੀਂ ਵਪਾਰਕ ਪੁਜ਼ੀਸ਼ਨ ਨੂੰ ਸੁਧਾਰਨ ਦੀ ਬਹੁਤ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਦਿਸ਼ਾ ਵਿਚ ਇਕ ਕਦਮ ਹੋਰ ਚੁਕਿਆ ਜਾ ਰਿਹਾ ਹੈ ਕਿ ਉਹ (ਸ਼੍ਰੀ ਸਟ੍ਰੀਟ) ਅਕਤੂਬਰ 18 ਨੂੰ ਭਾਰਤ ਵਿਚ ਵਪਾਰ ਵਫਦ ਦੀ ਅਗਵਾਈ ਕਰਦੇ ਹੋਏ ਦੌਰਾ ਕਰਨਗੇ ਤੇ ਉਨ੍ਹਾਂ ਦੇ ਨਾਲ ਭਾਰਤ ਦੀਆਂ ਅਤੇ ਮਿਡਲੈਂਡਸ ਦੀਆਂ ਉਘੀਆਂ ਸ਼ਖਸੀਅਤਾਂ ਵੀ ਆਉਣਗੀਆਂ।
ਕਾਨਸੁਲ ਜਨਰਲ ਆਫ ਇੰਡੀਆ ਡਾਕਟਰ ਅਮਨ ਪੁਰੀ ਨੇ ਬਰਮਿੰਘਮ ਵਿਚਲੇ ਕਾਨਸੁਲੇਟ ਜਨਰਲ ਆਫ ਇੰਡੀਆ ਨੂੰ ਯਕੀਨ ਦਿਵਾਇਆ ਕਿ ਉਹ ਸਾਰੇ ਮਿਲ ਕੇ ਵਪਾਰ ਅਤੇ ਨਿਵੇਸ਼ ਵਧਾਉਣ ਦੇ ਯਤਨਾਂ ਨੂੰ ਹੱਲਾਸ਼ੇਰੀ ਦੇਣਗੇ।
ਸ਼੍ਰੀ ਰਿਸ਼ੀ ਗਰੋਵਰ, ਮੀਤ ਪ੍ਰਧਾਨ ਨੇ ਦੱਸਿਆ ਕਿ ਯੂ. ਟੀ. ਸੀ. ਏਅਰੋ ਸਿਸਟਮਜ਼ ਜੋ ਕਿ ਅਮਰੀਕਾ ਆਧਾਰਤ ਵਿਸ਼ਵ ਕੰਪਨੀ ਹੈ, ਇੰਗਲੈਂਡ ਵਿਚ  ਇਕੱਲਿਆਂ ਕੰਮ ਕਰ ਰਹੀ ਹੈ ਅਤੇ ਇਸ ਦੇ ਨਾਲ ਹੀ ਨਾਲ ਬੈਂਗਲੁਰੂ (ਭਾਰਤ) ਵਿਚ ਵੱਡੀਆਂ ਨਿਰਮਾਤਾ ਕੰਪਨੀਆਂ ਦੇ ਨਾਲ ਕੁਝ ਸਰਵਿਸ ਅਤੇ ਰਿਪੇਅਰ ਸੈਂਟਰ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਭਾਰਤ ਵਿਚ ਇਨ੍ਹਾਂ ਕੰਪਨੀਆਂ ਦਾ ਸੰਚਾਲਨ ਉਤਪਾਦਕ ਅਤੇ ਹੋਰ ਆਪ੍ਰਸ਼ੇਨਜ਼ ਦਾ ਸੁਧਾਰ ਕਰਨਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਯੂ. ਟੀ. ਸੀ. ਸਿਸਟਮਜ਼ ਪਹਿਲੀ ਕੰਪਨੀ ਹੈ, ਜਿਸ ਨੇ 2018 ਵਿਚ 'ਮੇਕ ਇਨ ਇੰਡੀਆ' ਦਾ ਐਵਾਰਡ ਹਾਸਲ ਕੀਤਾ ਹੈ।
ਡਾਕਟਰ ਸ਼ਸ਼ੀ ਬਲੀਆਂ ਭਾਰਤੀ ਮੂਲ ਦੇ ਬਰਤਾਨਵੀ ਨਾਗਰਿਕ ਅਤੇ ਮੈਨੇਜਿੰਗ ਡਾਇਰੈਕਟਰ, ਕਲੀਅਰ ਮੰਡੀ ਹੈਲਥ ਕੇਅਰ ਨੇ ਦੱਸਿਆ ਕਿ ਉਨ੍ਹਾਂ ਨੂੰ ਭਾਰਤ ਵਿਚ ਇਕ ਛੋਟਾ ਜਿਹਾ ਅਵਸਰ ਮਿਲਿਆ ਸੀ ਤੇ ਹੁਣ ਇਸ ਨੇ ਬਹੁ-ਗਿਣਤੀ ਵਿਚ ਮੌਕੇ ਪੈਦਾ ਕਰ ਲਏ ਹੋਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਉਹ ਭਾਰਤ ਵਿਚ ਪ੍ਰਸਥਿਤੀ ਵਿਗਿਆਨ ਸੇਵਾਵਾਂ ਦੇ ਪ੍ਰਮੁੱਖ ਪ੍ਰਦਾਨਕਰਤਾ ਹਨ ਅਤੇ ਭਾਰਤ ਵਿਚ ਚਾਰ ਹਸਪਤਾਲ ਚਲਾਉਂਦੇ ਹਨ ਅਤੇ ਹੈਲਥ ਕੇਅਰ ਵਿਚ ਵੱਡੀਆਂ ਪੁਲਾਂਘਾਂ ਪੁੱਟ ਰਹੇ ਹਨ।  ਇਸ ਮੌਕੇ  ਮਾਣਯੋਗ ਸੰਦੀਪ ਵਰਮਾ (ਚੇਅਰਪਰਸਨ ਲਾਰਡਸ ਯੂਰਪੀਅਨ ਐਕਸਟਰਨਲ ਅਫੇਅਰਸ ਕਮੇਟੀ), ਸ਼੍ਰੀ ਪਾਲ ਉਪਲ (ਲਘੂ ਵਪਾਰ ਕਮਿਸ਼ਨਰ), ਮਿਸਟਰ ਇਆਨ ਹੈਰੀਮਨ ਡਾਇਰੈਕਟਰ ਆਫ ਐਕਸਪੋਰਟਸ ਮਿਡਲੈਂਡਸ ਰਿਜਨ), ਮਿਸਟਰ ਕੀਥ ਸਟੋਕਸ ਸਮਿਥ (ਪ੍ਰਧਾਨ ਗ੍ਰੇਟਰ ਬਰਮਿੰਘਮ ਕਾਮਨਵੈਲਥ ਚੈਂਬਰ ਆਫ ਕਾਮਰਸ), ਡਾ. ਪਰਮ ਸ਼ਾਹ (ਡਾਇਰੈਕਟਰ ਫੈਡਰੇਸ਼ਨ ਆਫ ਇੰਡੀਅਨ ਚੈਂਬਰ ਆਫ ਕਾਮਰਸ ਯੂ. ਕੇ.) ਹਾਜ਼ਰ ਸਨ। ਇਸ ਦੌਰਾਨ ਵਪਾਰ ਐਸੋਸੀਏਸ਼ਨ ਦੇ ਪ੍ਰਤੀਨਿਧੀਆਂ, ਬੈਂਕਾਂ ਦੇ ਪ੍ਰਤੀਨਿਧੀਆਂ, ਬਰਮਿੰਘਮ, ਆਸਟਨ, ਲੀਡਸ, ਬੈਡਫੋਰਡ, ਲੀਸੈਸਟਰ, ਲਿੰਕੋਨ ਅਤੇ ਨੋਟਿੰਘਮ ਟਰੈਂਟ ਯੂਨੀਵਰਸਿਟੀਆਂ ਦੇ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ।