ਮਿਆਮੀ ਬ੍ਰਿਜ ਹਾਦਸਾ : 2 ਦਿਨ ਪਹਿਲਾਂ ਇੰਜੀਨੀਅਰ ਨੇ ਪੁਲ ''ਚ ਦਰਾਰਾਂ ਹੋਣ ਦੀ ਦਿੱਤੀ ਸੀ ਚੇਤਾਵਨੀ

03/18/2018 2:51:35 AM

ਮਿਆਮੀ — ਵੀਰਵਾਰ ਨੂੰ ਵੈਸਟ ਮਿਆਮੀ ਦੇ ਫਲੋਰੀਡਾ ਇੰਟਰਨੈਸ਼ਨਲ ਯੂਨੀਵਰਸਿਟੀ ਨੇੜੇ ਨਿਰਮਾਣ-ਅਧੀਨ ਇਕ ਪੁਲ ਡਿੱਗ ਗਿਆ ਸੀ। ਜਿਸ 'ਚ ਕਈ ਵਾਹਨ ਪੁਲ ਹੇਠਾਂ ਬੁਰੀ ਤਰ੍ਹਾਂ ਦੱਬ ਗਏ ਸਨ ਅਤੇ 6 ਲੋਕ ਮਾਰੇ ਗਏ ਸਨ ਅਤੇ ਕਈ ਜ਼ਖਮੀ ਵੀ ਹੋਏ ਸਨ। ਜਾਂਚ ਅਧਿਕਾਰੀ ਪੁਲ ਡਿੱਗਣ ਦੇ ਕਾਰਨ ਬਾਰੇ ਪਤਾ ਲਾ ਰਹੇ ਸਨ, ਜਿਸ 'ਚ ਫਲੋਰੀਡਾ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਦੱਸਿਆ ਕਿ ਪੁਲ ਡਿੱਗਣ ਤੋਂ 2 ਦਿਨ ਪਹਿਲਾਂ ਇਕ ਇੰਜੀਨੀਅਰ ਵੱਲੋਂ ਸਟੇਟ ਦੇ ਡੀ. ਓ. ਟੀ. ਮੈਂਬਰਾਂ ਨੂੰ ਜਾਣਕਾਰੀ ਦੇਣ ਲਈ ਫੋਨ ਕੀਤਾ ਗਿਆ ਸੀ ਕਿ ਪੁਲ ਦੇ ਇਕ ਪਾਸੇ ਤਰੇੜਾਂ ਪਈਆਂ ਹੋਈਆਂ ਸਨ, ਡੀ. ਓ. ਟੀ. ਦੇ ਮੁਲਾਜ਼ਮਾਂ ਵੱਲੋਂ ਫੋਨ ਨਾ ਚੁੱਕੇ ਜਾਣ ਤੋਂ ਬਾਅਦ ਇੰਜੀਨੀਅਰ ਨੇ ਡੀ. ਓ. ਟੀ. ਨੂੰ ਵੁਆਇਸ-ਮੇਲ ਵੀ ਭੇਜਿਆ ਸੀ। ਪਰ ਉਨ੍ਹਾਂ ਵੱਲੋਂ ਨਾ ਵੁਆਇਸ ਮੇਲ ਦਾ ਕੋਈ ਜਵਾਬ ਅਤੇ ਨਾ ਹੀ ਇਸ ਦੇ ਬਾਰੇ 'ਚ ਕਿਸੇ ਨੂੰ ਕੋਈ ਜਾਣਕਾਰੀ ਦਿੱਤੀ।
ਸ਼ੁੱਕਰਵਾਰ ਨੂੰ ਇੰਜੀਨੀਅਰ ਵੱਲੋਂ ਇਹ ਜਾਣਕਾਰੀ ਫਲੋਰੀਡਾ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਟਰਾਂਸਪੋਰਟੇਸ਼ਨ ਵਿਭਾਗ ਡੀ. ਓ. ਟੀ. ਦੇ ਮੁਲਾਜ਼ਮਾਂ ਵੱਲੋਂ ਲਾਪਰਵਾਹੀ ਕੀਤੇ ਜਾਣ ਦੀ ਬਾਰੇ ਸਮੀਖਿਆ ਕਰਨ ਲੱਗਾ ਹੈ।
ਇੰਜੀਨੀਅਰ ਦੇ ਇਸ ਬਿਆਨ ਤੋਂ ਬਾਅਦ ਫਲੋਰੀਡਾ ਡਿਪਾਰਟਮੈਂਟ ਅਤੇ ਕਈ ਅਥਾਰਟੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਪਤਾ ਲਾਉਣ ਦੀ ਕੋਸ਼ਿਸ਼ 'ਚ ਜੁਟ ਗਈ ਹੈ ਕਿ ਇੰਜੀਨੀਅਰ ਦੇ ਜਾਣਕਾਰੀ ਦਿੱਤੇ ਜਾਣ ਤੋਂ ਬਾਅਦ ਵੀ ਪੁਲ ਦੀ ਮੁਰੰਮਤ ਕਿਉਂ ਨਹੀਂ ਕੀਤੀ ਗਈ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਜ਼ਿਕਰਯੋਗ ਹੈ ਕਿ ਇਹ ਪੁਲ 174 ਫੁੱਟ ਉੱਚਾ ਅਤੇ ਕਰੀਬ 950 ਟਨ ਭਾਰਾ ਸੀ। ਇਸ ਪੁਲ ਦੇ ਹੇਠਾਂ ਕਈ ਵਾਹਨ ਦੱਬ ਗਏ ਸਨ ਅਤੇ 6 ਲੋਕਾਂ ਦੀ ਮੌਤ ਹੋ ਗਈ ਸੀ।