ਲਾਪਤਾ ਐੱਮ. ਐੱਚ-370 ਜਹਾਜ਼ ਤਾਂ ਨਹੀਂ ਲੱਭਾ ਪਰ ਖੋਜ ਦੌਰਾਨ ਸਾਹਮਣੇ ਆਈ ਇਕ ''ਅਣਦੇਖੀ ਦੁਨੀਆ''

07/20/2017 5:06:48 PM

ਸਿਡਨੀ— ਮਲੇਸ਼ੀਆ ਏਅਰਲਾਈਨਜ਼ ਦੇ ਲਾਪਤਾ ਹੋਏ ਜਹਾਜ਼ ਐੱਮ. ਐੱਚ-370 ਬਾਰੇ ਕੋਈ ਸੁਰਾਗ ਹੱਥ ਨਹੀਂ ਲੱਗਾ ਹੈ। ਲਾਪਤਾ ਜਹਾਜ਼ ਐੱਮ. ਐੱਚ-370 ਦੀ ਖੋਜ ਦੌਰਾਨ ਸਮੁੰਦਰ ਦੀ ਉਹ ਅਣਦੇਖੀ ਦੁਨੀਆ ਸਾਹਮਣੇ ਆਈ ਹੈ, ਜਿਸ ਦਾ ਹਿੱਸਾ ਜਵਾਲਾਮੁਖੀ, ਡੂੰਘੀਆਂ ਘਾਟੀਆਂ ਅਤੇ ਚੱਟਾਨਾਂ ਨਾਲ ਢਕਿਆ ਹੈ। ਆਸਟਰੇਲੀਆ ਵਲੋਂ ਜਾਰੀ ਇਕ ਵਿਸਥਾਰਪੂਰਵਕ ਨਕਸ਼ਿਆਂ ਵਿਚ ਇਹ ਗੱਲ ਸਾਹਮਣੇ ਆਈ ਹੈ।
ਵਿਗਿਆਨੀਆਂ ਅਤੇ ਖੋਜਕਾਰਾਂ ਨੂੰ ਉਮੀਦ ਹੈ ਕਿ ਇਸ ਨਵੇਂ ਨਕਸ਼ੇ ਤੋਂ ਉਨ੍ਹਾਂ ਨੂੰ ਸਮੁੰਦਰ ਦੇ ਅੰਦਰ ਕਾਫੀ ਸਾਰੀਆਂ ਜਾਣਕਾਰੀਆਂ ਹੱਥ ਲੱਗਣਗੀਆਂ। ਹਾਲਾਂਕਿ ਦੱਖਣੀ ਹਿੰਦ ਮਹਾਸਾਗਰ 'ਚ ਤਲਾਸ਼ੀ ਦੌਰਾਨ ਮਲੇਸ਼ੀਆ ਏਅਰਲਾਈਨਜ਼ ਦੇ ਜਹਾਜ਼ ਦਾ ਕੋਈ ਸੁਰਾਗ ਹੱਥ ਨਹੀਂ ਲੱਗਾ। ਇਹ ਤਲਾਸ਼ ਬੇਹੱਦ ਖਰਚੀਲੀ ਸੀ, ਜਿਸ ਵਿਚ ਜਾਂਚ ਨੂੰ ਅੱਗੇ ਵਧਾਉਣ ਲਈ ਸਮੁੰਦਰੀ ਸਤ੍ਹਾ ਦੀ ਵਿਸਥਾਰਪੂਰਵਕ ਤਸਵੀਰ ਲਈ ਢੇਰ ਸਾਰੇ ਅੰਕੜਿਆਂ ਦੀ ਲੋੜ ਸੀ। 
ਦੱਸਣਯੋਗ ਹੈ ਕਿ ਤਿੰਨ ਸਾਲ ਪਹਿਲਾਂ 8 ਮਾਰਚ 2014 ਨੂੰ ਮਲੇਸ਼ੀਆ ਏਅਰਲਾਈਨਜ਼ ਦਾ ਜਹਾਜ਼ ਐੱਮ. ਐੱਚ-370 ਲਾਪਤਾ ਹੋ ਗਿਆ ਸੀ।  ਇਸ ਜਹਾਜ਼ ਨੇ ਕੁਆਲਾਲੰਪੁਰ ਤੋਂ ਉਡਾਣ ਭਰੀ ਸੀ ਅਤੇ ਚੀਨ ਦੀ ਰਾਜਧਾਨੀ ਬੀਜਿੰਗ ਪਹੁੰਚਣਾ ਸੀ। ਜਹਾਜ਼ 'ਚ ਕੁੱਲ 239 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 227 ਯਾਤਰੀ ਅਤੇ 12 ਚਾਲਕ ਦਲ ਦੇ ਮੈਂਬਰ ਵੀ ਸਨ। 153 ਲੋਕ ਚੀਨ ਤੋਂ, 38 ਮਲੇਸ਼ੀਆ ਤੋਂ, 7-7 ਇੰਡੋਨੇਸ਼ੀਆ ਅਤੇ ਆਸਟ੍ਰੇਲੀਆ ਤੋਂ ਅਤੇ 5 ਭਾਰਤ ਤੋਂ ਅਤੇ 4 ਸੰਯੁਕਤ ਰਾਜ ਅਮਰੀਕਾ ਤੋਂ ਸਨ। ਸ਼ੁਰੂ ਵਿਚ ਇਹ ਹੀ ਕਿਹਾ ਗਿਆ ਸੀ ਕਿ ਜਹਾਜ਼ ਨੂੰ ਹਾਈਜੈੱਕ ਕਰ ਲਿਆ ਗਿਆ ਹੈ। ਆਸਟ੍ਰੇਲੀਆ, ਮਲੇਸ਼ੀਆ ਅਤੇ ਚੀਨ ਨੇ ਸਮੁੰਦਰ ਵਿਚ ਇਸ ਜਹਾਜ਼ ਦੀ ਤਲਾਸ਼ ਕੀਤੀ ਪਰ ਕੁਝ ਹੱਥ ਨਹੀਂ ਲੱਗਾ। ਜਿਸ ਤੋਂ ਬਾਅਦ ਤਲਾਸ਼ ਨੂੰ ਇਸ ਸਾਲ ਜਨਵਰੀ 'ਚ ਬੰਦ ਕਰ ਦਿੱਤਾ ਗਿਆ।