ਮੈਕਸੀਕੋ ''ਚ ਗੈਂਗਸਟਰਾਂ ਵਿਚਕਾਰ ਗੋਲੀਬਾਰੀ, 19 ਲੋਕਾਂ ਦੀਆਂ ਵਿਛ ਗਈਆਂ ਲਾਸ਼ਾਂ

04/05/2020 1:07:31 PM

ਮੈਕਸੀਕੋ ਸਿਟੀ- ਮੈਕਸੀਕੋ ਦੇ ਉੱਤਰੀ ਸੂਬੇ ਚਿਹੁਆਹੁਆ ਵਿਚ ਕਥਿਤ ਗੈਂਗਸਟਰਾਂ ਵਿਚਕਾਰ ਗੋਲੀਬਾਰੀ ਹੋਈ, ਜਿਸ ਕਾਰਨ 19 ਲੋਕਾਂ ਦੀ ਮੌਤ ਹੋ ਗਈ ਤੇ ਇਕ ਵਿਅਕਤੀ ਜ਼ਖਮੀ ਹੋ ਗਿਆ।
ਸਟੇਟ ਅਟਾਰਨੀ ਜਨਰਲ ਦੇ ਦਫਤਰ ਨੇ ਇਸ ਦੀ ਜਾਣਕਾਰੀ ਦਿੱਤੀ। ਦਫਤਰ ਮੁਤਾਬਕ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਮੁਤਾਬਕ 6.30 ਵਜੇ ਚਿਹੁਆਹੁਆ ਵਿਚ ਗੋਲੀਬਾਰੀ ਦੀ ਸੂਚਨਾ ਮਿਲੀ। ਅਟਾਰਨੀ ਜਨਰਲ ਨੇ ਬਿਆਨ ਜਾਰੀ ਕਰਕੇ ਕਿਹਾ, "ਹਮਲੇ ਮਗਰੋਂ ਮੌਕੇ 'ਤੇ ਪੁੱਜੇ ਸੁਰੱਖਿਆ ਕਰਮਚਾਰੀਆਂ ਨੂੰ ਘਟਨਾ ਵਾਲੇ ਸਥਾਨ ਤੋਂ 18 ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ। ਦੋ ਵਿਅਕਤੀ ਜ਼ਖਮੀ ਸਨ, ਜਿਨ੍ਹਾਂ ਨੂੰ ਹਸਪਤਾਲ ਲੈ ਜਾਇਆ ਗਿਆ ਪਰ ਇੱਥੇ ਜਾਂਦੇ ਹੀ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਸਮੇਂ ਇਕ ਵਿਅਕਤੀ ਜ਼ਖਮੀ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ।"

ਜ਼ਿਕਰਯੋਗ ਹੈ ਕਿ ਮੈਕਸੀਕੋ ਵਿਚ ਵੀ ਕੋਰੋਨਾ ਵਾਇਰਸ ਦੇ ਕਈ ਮਾਮਲੇ ਦੇਖਣ ਨੂੰ ਮਿਲੇ ਹਨ। ਇੱਥੇ ਹੁਣ ਤਕ 79 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋ ਚੁੱਕੀ ਹੈ। ਮੈਕਸੀਕੋ ਦੇ ਸਿਹਤ ਮੰਤਰੀ ਹਿਊਗੋ ਲੋਪੇਜ ਗੈਟੇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮ੍ਰਿਤਕਾਂ ਵਿਚ ਬਜ਼ੁਰਗ ਅਤੇ ਉਹ ਲੋਕ ਵਧੇਰੇ ਹਨ, ਜੋ ਪਹਿਲਾਂ ਹੀ ਬੀਮਾਰ ਸਨ। 
ਮੈਕਸੀਕੋ ਵਿਚ 1,890 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹਨ। ਮੈਕਸੀਕੋ ਪ੍ਰਸ਼ਾਸਨ ਨੇ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਨਵੀਆਂ ਪਾਬੰਦੀਆਂ ਦੀ ਵੀ ਘੋਸ਼ਣਾ ਕੀਤੀ ਸੀ। ਪ੍ਰਸ਼ਾਸਨ ਨੇ ਓਕਸਾਕਾ, ਗੁਏਰੇਰੋ, ਬਾਜਾ ਕੈਲੀਫੋਰਨੀਆ ਸੁਰ ਅਤੇ ਹੋਰ ਖੇਤਰਾਂ ਦੇ ਹੋਟਲਾਂ ਅਤੇ ਬੀਚ ਨੂੰ ਅਗਲੇ ਹੁਕਮਾਂ ਤਕ ਕੁੱਝ ਸਮੇਂ ਲਈ ਬੰਦ ਕਰ ਦਿੱਤਾ ਹੈ। ਅਜਿਹੇ ਵਿਚ ਵੀ ਗੋਲੀਬਾਰੀ ਵਰਗੀਆਂ ਵਾਰਦਾਤਾਂ ਵਾਪਰ ਰਹੀਆਂ ਹਨ ਤੇ ਪ੍ਰਸ਼ਾਸਨ ਨੂੰ ਭਾਜੜਾਂ ਪੈ ਰਹੀਆਂ ਹਨ।

Lalita Mam

This news is Content Editor Lalita Mam