ਮੈਕਸੀਕੋ ਦਾ ਮਹੱਤਵਪੂਰਨ ਕਦਮ, ਬਣਾਈ ਆਪਣੀ ਪਹਿਲੀ ਐਂਟੀ ਕੋਵਿਡ-19 ਵੈਕਸੀਨ

05/04/2023 3:17:18 PM

ਮੈਕਸੀਕੋ ਸਿਟੀ (ਏਪੀ): ਮੈਕਸੀਕੋ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਕਿ ਦੇਸ਼ ਨੇ ਆਪਣੀ ਪਹਿਲੀ ਐਂਟੀ ਕੋਵਿਡ-19 ਵੈਕਸੀਨ ਵਿਕਸਿਤ ਕੀਤੀ ਹੈ। ਉਂਝ ਦੇਸ਼ ਵਿੱਚ ਅਮਰੀਕਾ, ਯੂਰਪ ਅਤੇ ਚੀਨ ਵਿੱਚ ਵਿਕਸਿਤ ਟੀਕਿਆਂ ਰਾਹੀਂ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਦੇਸ਼ ਵਿਆਪੀ ਕੋਵਿਡ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ। ਮੈਕਸੀਕੋ ਦੀ ਸਰਕਾਰ ਨੇ ਕੰਪਨੀ 'Avimex' ਦੇ ਸਹਿਯੋਗ ਨਾਲ ਆਪਣੀ ਪਹਿਲੀ ਐਂਟੀ-ਕੋਵਿਡ ਵੈਕਸੀਨ 'ਪੈਟਰੀਆ' ਤਿਆਰ ਕੀਤੀ ਹੈ, ਜੋ ਪਹਿਲਾਂ ਜਾਨਵਰਾਂ ਲਈ ਕਈ ਟੀਕੇ ਤਿਆਰ ਕਰ ਚੁੱਕੀ ਹੈ। ‘ਪੈਟਰੀਆ’ ਸ਼ਬਦ ਦਾ ਅਰਥ ਹੈ ‘ਮਾਤ ਭੂਮੀ’। ਹਾਲਾਂਕਿ ਫਿਲਹਾਲ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਇਸ ਵੈਕਸੀਨ ਦੀ ਵਰਤੋਂ ਕਦੋਂ ਸ਼ੁਰੂ ਕੀਤੀ ਜਾਵੇਗੀ। 

ਮੈਕਸੀਕੋ ਵਿੱਚ 2022 ਦੇ ਅੰਤ ਤੋਂ ਐਂਟੀ-ਕੋਵਿਡ ਵੈਕਸੀਨ ਲੈਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਭਾਰੀ ਕਮੀ ਆਈ ਹੈ। ਦੇਸ਼ ਕੋਲ ਕਿਊਬਾ ਤੋਂ ਖਰੀਦੀ ਗਈ ਅਬਦਾਲਾ ਵੈਕਸੀਨ ਦੀਆਂ ਕਈ ਅਣਵਰਤੀਆਂ ਖੁਰਾਕਾਂ ਬਚੀਆਂ ਹਨ। ਮੈਕਸੀਕੋ ਦੀ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਕਮਿਸ਼ਨ ਦੀ ਮੁਖੀ ਮਾਰਾ ਏਲੇਨਾ ਇਵਾਰੇਜ਼-ਬੁਏਲਾ ਨੇ ਕਿਹਾ ਕਿ ਨਵੀਂ ਵੈਕਸੀਨ ਨੂੰ ਬੂਸਟਰ ਖੁਰਾਕ ਵਜੋਂ ਵਰਤਣ ਲਈ ਮਨਜ਼ੂਰੀ ਦਿੱਤੀ ਜਾਵੇਗੀ। ਹਾਲਾਂਕਿ ਉਸਨੇ ਇਹ ਨਹੀਂ ਦੱਸਿਆ ਕੀ ਸਰਕਾਰ ਦੀ ਮੈਡੀਕਲ ਰੈਗੂਲੇਟਰੀ ਏਜੰਸੀ ਨੇ ਪੈਟਰੀਆ ਵੈਕਸੀਨ ਦੀ ਐਮਰਜੈਂਸੀ ਵਰਤੋਂ ਲਈ ਅਧਿਕਾਰਤ ਪ੍ਰਵਾਨਗੀ ਦਿੱਤੀ ਹੈ ਜਾਂ ਨਹੀਂ। 

ਪੜ੍ਹੋ ਇਹ ਅਹਿਮ ਖ਼ਬਰ- ਸਰਬੀਆ ਸਕੂਲ ਗੋਲੀਬਾਰੀ ਮਾਮਲਾ : ਨਾਬਾਲਗ ਸ਼ੂਟਰ ਨੇ ਪਹਿਲਾਂ ਤੋਂ ਹੀ ਬਣਾ ਲਈ ਸੀ 'Target List'

ਮੈਕਸੀਕੋ ਨੇ ਮਾਰਚ 2020 ਵਿੱਚ ਪੈਟਰੀਆ ਵੈਕਸੀਨ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਪਰ, ਕਿਉਂਕਿ ਟੈਸਟਿੰਗ ਦੀ ਰਫ਼ਤਾਰ ਬਹੁਤ ਧੀਮੀ ਸੀ, ਇਸ ਲਈ ਇਸਨੇ ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਲਈ ਐਸਟਰਾ-ਜ਼ੇਨੇਕਾ, ਫਾਈਜ਼ਰ ਅਤੇ ਚੀਨੀ ਟੀਕਿਆਂ ਦੀਆਂ 2.25 ਕਰੋੜ ਖੁਰਾਕਾਂ ਨੂੰ ਆਯਾਤ ਕੀਤਾ। ਮੈਕਸੀਕੋ ਨੇ ਸਤੰਬਰ 2022 ਵਿੱਚ ਆਪਣੇ ਬੂਸਟਰ ਟੀਕਾਕਰਨ ਪ੍ਰੋਗਰਾਮ ਲਈ ਕਿਊਬਾ ਦੁਆਰਾ ਬਣੀ ਅਬਦਾਲਾ ਵੈਕਸੀਨ ਦੀਆਂ 90 ਲੱਖ ਖੁਰਾਕਾਂ ਖਰੀਦੀਆਂ ਸਨ। ਇਹ ਟੀਕਾ SARS-CoV-2 ਵਾਇਰਸ ਦੇ ਰੂਪਾਂ ਦੇ ਵਿਰੁੱਧ ਪ੍ਰਤੀਰੋਧਕ ਸ਼ਕਤੀ ਪ੍ਰਦਾਨ ਕਰਦਾ ਹੈ, ਜਿਸ ਨੇ 2020 ਅਤੇ 2021 ਵਿੱਚ ਤਬਾਹੀ ਮਚਾ ਦਿੱਤੀ ਸੀ। ਇਹੀ ਕਾਰਨ ਹੈ ਕਿ ਮੈਕਸੀਕੋ ਵਿੱਚ ਬੂਸਟਰ ਡੋਜ਼ ਲੈਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਭਾਰੀ ਕਮੀ ਆਈ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana