ਮੈਕਸੀਕੋ : ਸੜਕ ''ਤੇ ਖੁਰਦ-ਬੁਰਦ ਅਤੇ ਪੁਲ ਨਾਲ ਲਟਕੀਆਂ ਕੁੱਲ 19 ਲਾਸ਼ਾਂ ਬਰਾਮਦ

08/09/2019 2:12:45 PM

ਮੈਕਸੀਕੋ ਸਿਟੀ (ਭਾਸ਼ਾ)— ਮੈਕਸੀਕੋ ਦੀ ਇਕ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਪੁਲਸ ਨੇ ਇਕ ਪੁਲ ਨਾਲ ਲਟਕ ਰਹੀਆਂ 9 ਲਾਸ਼ਾਂ ਅਤੇ ਸੜਕ ਕਿਨਾਰੇ ਖੁਰਦ-ਬੁਰਦ ਹਾਲਤ ਵਿਚ 7 ਲਾਸ਼ਾਂ ਬਰਾਮਦ ਕੀਤੀਆਂ ਹਨ। ਸੜਕ ਤੋਂ ਥੋੜ੍ਹੀ ਦੂਰੀ 'ਤੇ 3 ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਕੁੱਲ ਮਿਲਾ ਕੇ ਪੁਲਸ ਨੇ 19 ਲਾਸ਼ਾਂ ਵੀਰਵਾਰ ਨੂੰ ਬਰਾਮਦ ਕੀਤੀਆਂ। ਪੁਲ ਨਾਲ ਲਟਕਦੀਆਂ ਲਾਸ਼ਾਂ ਨੇੜੇ ਇਕ ਬੈਨਰ ਵੀ ਮਿਲਿਆ ਹੈ, ਜਿਸ ਵਿਚ ਡਰੱਗ ਮਾਫੀਆ ਨੇ ਵਿਰੋਧੀਆਂ ਨੂੰ ਧਮਕੀ ਦਿੱਤੀ ਹੈ। ਪੱਛਮੀ ਰਾਜ ਮਿਚੋਆਕਾਨ ਦੇ ਵਕੀਲ ਨੇ ਲੋਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਦਿੱਤੀ। ਇਸ ਨੂੰ ਨਸ਼ੀਲੇ ਪਦਾਰਥਾਂ ਦਾ ਵਪਾਰ ਕਰਨ ਵਾਲੇ ਗੈਂਗ ਵੱਲੋਂ ਹਿੰਸਾ ਦੀ ਵਾਪਸੀ ਮੰਨਿਆ ਜਾ ਰਿਹਾ ਹੈ, ਜੋ ਮੈਕਸੀਕੋ ਵਿਚ ਸਾਲ 2006-2012 ਵਿਚ ਆਪਣੇ ਸਿਖਰ 'ਤੇ ਸੀ।

ਉਸ ਦੌਰ ਵਿਚ ਪ੍ਰਸ਼ਾਸਨ ਅਤੇ ਵਿਰੋਧੀ ਗਿਰੋਹਾਂ ਨੂੰ ਸੰਦੇਸ਼ ਦੇਣ ਲਈ ਲੋਕਾਂ ਦੀ ਹੱਤਿਆ ਕਰ ਕੇ ਲਾਸ਼ਾਂ ਸੜਕ ਕਿਨਾਰੇ ਸੁੱਟ ਦਿੱਤੀਆਂ ਜਾਂਦੀਆਂ ਸਨ। ਮਿਚੋਆਕਾਨ ਦੇ ਅਟਾਰਨੀ ਜਨਰਲ ਐਡ੍ਰੀਅਨ ਲੋਪੇਜ਼ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਪੁਲ ਤੋਂ ਬਰਾਮਦ ਦੋ ਲਾਸ਼ਾਂ ਅੱਧ ਨੰਗੀ ਹਾਲਤ ਵਿਚ ਸਨ ਅਤੇ ਉਨ੍ਹਾਂ ਦੇ ਗਲੇ ਵਿਚ ਜਾਲ ਸੀ। ਇਕ ਖੁਰਦ ਬੁਰਦ ਲਾਸ਼ ਔਰਤ ਦੀ ਹੈ। ਪੀੜਤ ਉਰੂਪਾਨ ਸ਼ਹਿਰ ਦੇ ਹਨ, ਜਿਨ੍ਹਾਂ ਨੂੰ ਗੋਲੀ ਮਾਰੀ ਗਈ ਹੈ। ਕੁਝ ਲਾਸ਼ਾਂ ਦੇ ਹੱਥ ਬੰਨ੍ਹੇ ਹੋਏ ਸਨ। ਲਾਸ਼ਾਂ ਨੇੜਿਓਂ ਬਰਾਮਦ ਬੈਨਰ ਸਪੱਸ਼ਟ ਨਹੀਂ ਹੈ ਪਰ ਇਹ ਬਦਨਾਮ ਗੈਂਗ ਜਲਿਸਕੋ ਵੱਲ ਇਸ਼ਾਰਾ ਕਰਦਾ ਹੈ। ਬੈਨਰ ਵਿਚ ਲਿਖਿਆ ਹੈ-''ਦੇਸ਼ਭਗਤ ਬਣੋ, ਵੀਆਗਰਾ ਨੂੰ ਖਤਮ ਕਰੋ''।

Vandana

This news is Content Editor Vandana