ਭ੍ਰਿਸ਼ਟ ਨੇਤਾਵਾਂ ਤੇ ਗੈਂਗਸਟਰਾਂ ਦੀਆਂ ਗੱਡੀਆਂ ਵੇਚ ਕੇ ਗਰੀਬਾਂ ਦੀ ਝੋਲੀ ਭਰੇਗਾ ਮੈਕਸੀਕੋ

05/27/2019 2:36:25 PM

ਮੈਕਸੀਕੋ ਸਿਟੀ— ਮੈਕਸੀਕੋ ਸਰਕਾਰ ਨੇ ਗਰੀਬਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਭ੍ਰਿਸ਼ਟ ਅਮੀਰ ਨੇਤਾਵਾਂ ਅਤੇ ਗੈਂਗਸਟਰਾਂ ਦੀ ਜਾਇਦਾਦ ਨੀਲਾਮ ਕਰਨ ਦਾ ਫੈਸਲਾ ਲਿਆ ਹੈ। ਇਸ ਹਫਤੇ ਸਰਕਾਰ ਆਪਣੀ ਭ੍ਰਿਸ਼ਟਾਚਾਰ ਰੋਕੂ ਮੁਹਿੰਮ ਤਹਿਤ ਤਕਰੀਬਨ 82 ਵਾਹਨ ਨੀਲਾਮ ਕਰੇਗੀ। ਇਸ ਤੋਂ ਮਿਲਣ ਵਾਲੀ ਰਾਸ਼ੀ ਨੂੰ ਸਮਾਜਿਕ ਕੰਮਾਂ ਲਈ ਵਰਤਿਆ ਜਾਵੇਗਾ ਤਾਂ ਕਿ ਗਰੀਬਾਂ ਨੂੰ ਮਦਦ ਮਿਲ ਸਕੇ।

ਵਾਹਨਾਂ ਦੀ ਨੀਲਾਮੀ ਨਾਲ ਇਕੱਠੇ ਹੋਣਗੇ 9 ਕਰੋੜ ਰੁਪਏ—
ਸਰਕਾਰ ਨੇ ਹਾਲ ਹੀ 'ਇੰਸਟੀਚਿਊਟ ਟੂ ਰਿਟਰਨ ਸਟੋਲਨ ਗੁਡਜ਼' ਭਾਵ ਚੋਰੀ ਦਾ ਸਾਮਾਨ ਵਾਪਸ ਕਰਨ ਵਾਲੀ ਸੰਸਥਾ ਦੀ ਸਥਾਪਨਾ ਕੀਤੀ ਹੈ। ਇਸ ਦੇ ਲਈ ਰੋਡ੍ਰੀਗੇਜ ਵਰਗਾਸ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨੀਲਾਮੀ 'ਚ ਸ਼ਾਮਲ ਵਾਹਨਾਂ ਦੀ ਕੀਮਤ ਤਕਰੀਬਨ 10 ਲੱਖ ਪੌਂਡ(8 ਕਰੋੜ 81 ਲੱਖ ਰੁਪਏ) ਹੈ।
ਨੀਲਾਮੀ 'ਚ 53 ਲੱਖ ਦੀ ਲੈਮਬਰਗਿਨੀ ਵੀ ਸ਼ਾਮਲ ਹੈ। ਇਸ ਦੇ ਇਲਾਵਾ ਬੁਲੇਟ ਪਰੂਫ ਐੱਸ. ਯੂ. ਵੀ. ਅਤੇ 2009 ਮਾਡਲ ਦੀ ਹਮਰ ਨੂੰ ਨੀਲਾਮ ਕੀਤਾ ਜਾਵੇਗਾ। ਇਸ ਦੇ ਬਾਅਦ ਆਉਣ ਵਾਲੇ ਹਫਤੇ 'ਚ ਭ੍ਰਿਸ਼ਟ ਨੇਤਾਵਾਂ ਅਤੇ ਡਰੱਗ ਮਾਫੀਆ ਦੇ ਜ਼ਬਤ ਘਰਾਂ ਤੇ ਗਹਿਣਿਆਂ ਦੀ ਵੀ ਨੀਲਾਮੀ ਕੀਤੀ ਜਾਣੀ ਹੈ। 

ਰਾਸ਼ਟਰਪਤੀ ਓਬ੍ਰਾਡੋਰ ਦੀ ਅਗਵਾਈ 'ਚ ਸ਼ੁਰੂ ਹੋਈ ਮੁਹਿੰਮ—
ਮੈਕਸੀਕੋ ਦੇ ਰਾਸ਼ਟਰਪਤੀ ਆਂਡਰੇਸ ਮੈਨੁਏਲ ਲੋਪੇਜ ਓਬ੍ਰਾਡੋਰ ਖੁਦ ਇਸ ਮੁਹਿੰਮ ਦਾ ਸਮਰਥਨ ਕਰਦੇ ਹਨ। ਉਨ੍ਹਾਂ ਨੇ ਲੋਕਾਂ ਤੋਂ ਇਸ ਨੀਲਾਮੀ 'ਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਪਿਛਲੇ ਸਾਲ ਦਸੰਬਰ 'ਚ ਚੋਣ ਜਿੱਤਣ ਵਾਲੇ ਓਬ੍ਰਾਡੋਰ ਨੇ ਵਾਅਦਾ ਕੀਤਾ ਸੀ ਕਿ ਉਹ ਮੈਕਸੀਕੋ ਦੀ ਰਾਜਨੀਤੀ ਨੂੰ ਸਾਫ ਕਰਨ ਆਏ ਹਨ। ਹਾਲ ਹੀ 'ਚ ਉਨ੍ਹਾਂ ਦੇ ਕੰਮਾਂ ਨੂੰ ਲੈ ਕੇ ਵੋਟਾਂ 'ਚ ਉਨ੍ਹਾਂ ਨੂੰ 70 ਫੀਸਦੀ ਅਪਰੂਵਲ ਰੇਟਿੰਗ ਮਿਲੀ ਹੈ।