ਚੀਨ ’ਚ ਕਈ ਘੰਟੇ ਵਾਟਰ ਟੈਂਕ ’ਚ ਬਦਲੀ ਰਹੀ ਮੈਟਰੋ ਟਰੇਨ, ਲੋਕ ਬੋਲੇ ਜ਼ਿੰਦਗੀ ਤੇ ਮੌਤ ਦੇ ਭੰਵਰ ’ਚ ਫਸੇ ਸੀ

07/23/2021 11:43:29 AM

ਇੰਟਰਨੈਸ਼ਨਲ ਡੈਸਕ : ਚੀਨ ’ਚ ਮੰਗਲਵਾਰ ਨੂੰ ਜਦੋਂ ਹੜ੍ਹ ਦਾ ਪਾਣੀ ਇਕ ਭੀੜ-ਭੜੱਕੇ ਭਰੇ ਮੈਟਰੋ ਸਟੇਸ਼ਨ ਨਾਲ ਟਕਰਾਇਆ ਤਾਂ ਲੋਕਾਂ ’ਚ ਜਾਨ ਬਚਾਉਣ ਲਈ ਭਾਜੜ ਜਿਹੀ ਮਚ ਗਈ। ਚਾਰੇ ਪਾਸੇ ਜਿੱਥੇ ਜਾਨ ਬਚਾਉਣ ਲਈ ਲੋਕਾਂ ਵਿਚ ਹਫੜਾ-ਦਫੜੀ ਦਾ ਮਾਹੌਲ ਸੀ, ਉੱਥੇ ਹੀ ਇਕ ਟਰੇਨ ਪੂਰੀ ਤਰ੍ਹਾਂ ਪਾਣੀ ਦੀ ਲਪੇਟ ਵਿਚ ਆ ਕੇ ਵਾਟਰ ਟੈਂਕ ਵਿਚ ਬਦਲ ਗਈ। ਸੋਸ਼ਲ ਮੀਡੀਆ ’ਤੇ ਅਜਿਹੀਆਂ ਕਈਆਂ ਵੀਡੀਓਜ਼ ਤੇ ਫੋਟੋਆਂ ਸਾਹਮਣੇ ਆਈਆਂ ਹਨ, ਜੋ ਭਿਆਨਕ ਸਨ। ਟਰੇਨ ਦੇ ਅੰਦਰ ਜਦੋਂ ਪਾਣੀ ਰਿਸਣ ਲੱਗਦਾ ਤਾਂ ਗਿੱਟਿਆਂ ਤੋਂ ਲੱਕ ਅਤੇ ਫਿਰ ਗਰਦਨ ਤਕ ਪਹੁੰਚ ਜਾਂਦਾ। ਮੁਸਾਫਰਾਂ ਨੇ ਸੋਸ਼ਲ ਮੀਡੀਆ ’ਤੇ ਦੱਸਿਆ ਕਿ ਉਨ੍ਹਾਂ ਨੂੰ ਅਜਿਹਾ ਲੱਗ ਰਿਹਾ ਸੀ ਕਿ ਉਹ ਜ਼ਿੰਦਗੀ ਤੇ ਮੌਤ ਦੇ ਭੰਵਰ ’ਚ ਫਸੇ ਹੋਏ ਹਨ।

ਇਹ ਵੀ ਪੜ੍ਹੋ: ਚੀਨ ’ਚ ਆਇਆ 1000 ਸਾਲਾਂ ਦਾ ਸਭ ਤੋਂ ਭਿਆਨਕ ਹੜ੍ਹ, ਦਰਜਨਾਂ ਲੋਕਾਂ ਦੀ ਮੌਤ (ਤਸਵੀਰਾਂ)

ਟਰੇਨ ਦੇ ਅੰਦਰ ਤੇ ਬਾਹਰ ਦੋਵਾਂ ਥਾਵਾਂ ’ਤੇ ਸੀ ਪਾਣੀ
ਟਰੇਨ ਦੇ ਇਕ ਡੱਬੇ ਵਿਚ ਪਾਣੀ ਰਿਸਦਾ ਸੀ ਅਤੇ ਗਿੱਟਿਆਂ ਤੋਂ ਲੱਕ ਤਕ ਤੇ ਫਿਰ ਗਰਦਨ ਦੀ ਉਚਾਈ ਤਕ ਵਧ ਜਾਂਦਾ ਸੀ। ਘਬਰਾਏ ਮੁਸਾਫਰ ਸਾਹ ਲੈਣ ਲਈ ਜੱਦੋ-ਜਹਿਦ ਕਰ ਰਹੇ ਸਨ। ਇਕ ਵੀਡੀਓ ਵਿਚ ਕੁਝ ਮੁਸਾਫਰਾਂ ਨੂੰ ਕੁਰਸੀਆਂ ’ਤੇ ਖੜ੍ਹੇ ਅਤੇ ਛੱਤ ਨਾਲ ਚਿੰਬੜੇ ਹੋਏ ਵੇਖਿਆ ਜਾ ਸਕਦਾ ਹੈ ਕਿਉਂਕਿ ਹੜ੍ਹ ਦਾ ਪਾਣੀ ਉੱਪਰ ਵੱਲ ਉਛਾਲ ਮਾਰ ਰਿਹਾ ਸੀ। ਹਾਲਾਤ ਅਜਿਹੇ ਸਨ ਕਿ ਟਰੇਨ ਦੇ ਅੰਦਰ ਤੇ ਬਾਹਰ ਦੋਵੇਂ ਪਾਸੇ ਪਾਣੀ ਹੀ ਪਾਣੀ ਸੀ। ਕੁਝ ਨੇ ਸਾਹਮਣੇ ਆਈ ਤ੍ਰਾਸਦੀ ਨੂੰ ਆਪਣੇ ਮੋਬਾਇਲ ਰਾਹੀਂ ਫਿਲਮਾਇਆ, ਜਦੋਂਕਿ ਬਾਕੀਆਂ ਨੇ ਆਪਣੇ ਪਰਿਵਾਰ ਵਾਲਿਆਂ ਤੇ ਦੋਸਤਾਂ-ਰਿਸ਼ਤੇਦਾਰਾਂ ਨੂੰ ਸੱਦਿਆ ਅਤੇ ਜਾਨ ਬਚਾਉਣ ਦੀ ਬੇਨਤੀ ਪੋਸਟ ਕੀਤੀ। ਇਕ ਔਰਤ ਨੇ ਸੋਸ਼ਲ ਮੀਡੀਆ ਸਾਈਟ ਵੀਬੋ ’ਤੇ ਲਿਖਿਆ,‘‘ਮੈਂ ਹੁਣ ਹੋਰ ਨਹੀਂ ਬੋਲ ਸਕਦੀ। ਜੇ 20 ਮਿੰਟਾਂ ’ਚ ਕੋਈ ਬਚਾਅ ਨਾ ਹੋਇਆ ਤਾਂ ਸਾਡੇ ਵਿਚੋਂ ਸੈਂਕੜੇ ਲੋਕ ਆਪਣੀ ਜਾਨ ਗੁਆ ਦੇਣਗੇ।’’

 

ਇਹ ਵੀ ਪੜ੍ਹੋ: ਭਾਰਤੀ ਹਵਾਈ ਮੁਸਾਫ਼ਰਾਂ ਲਈ ਖ਼ੁਸ਼ਖ਼ਬਰੀ, ਜਰਮਨੀ ਸਮੇਤ ਇਨ੍ਹਾਂ 16 ਦੇਸ਼ਾਂ ਨੇ ਖੋਲ੍ਹੇ ਆਪਣੇ ਦਰਵਾਜ਼ੇ​​​​​​

ਆਕਸੀਜਨ ਲੈਵਲ ਵੀ ਹੋ ਚੁੱਕਾ ਸੀ ਘੱਟ
ਇਕ ਔਰਤ ਨੇ ਦੱਸਿਆ ਕਿ ਹੜ੍ਹ ਦੇ ਪਾਣੀ ਨਾਲ ਟਕਰਾਉਣ ਤੋਂ ਬਾਅਦ ਟਰੇਨ ਇਕ ਘੰਟੇ ਬਾਅਦ ਸੰਘਣੇ ਹਨੇਰੇ ਵਿਚ ਡੁੱਬ ਗਈ ਅਤੇ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਆਕਸੀਜਨ ਦੀ ਸਪਲਾਈ ਵੀ ਘਟਣ ਲੱਗੀ। ਇਕ ਵਿਅਕਤੀ ਨੇ ਖਬਰ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਉਹ ਅਸਲ ਵਿਚ ਡਰ ਗਿਆ ਸੀ ਪਰ ਸਭ ਤੋਂ ਭਿਆਨਕ ਚੀਜ਼ ਪਾਣੀ ਨਹੀਂ ਸੀ, ਸਗੋਂ ਹਵਾ ਦੀ ਸਪਲਾਈ ਵਿਚ ਕਮੀ ਸੀ। ਕਈ ਘੰਟਿਆਂ ਦੇ ਡਰ ਤੇ ਬੇਯਕੀਨੀ ਦੇ ਮਾਹੌਲ ਤੋਂ ਬਾਅਦ ਬਚਾਅ ਕਰਮਚਾਰੀ ਟਰੇਨ ਦੀ ਛੱਤ ਰਾਹੀਂ ਡੱਬਿਆਂ ’ਚ ਪਹੁੰਚਣ ਵਿਚ ਸਫਲ ਰਹੇ ਅਤੇ ਲੋਕਾਂ ਨੂੰ ਬਾਹਰ ਕੱਢਿਆ। ਵਰਣਨਯੋਗ ਹੈ ਕਿ ਮੈਟਰੋ ਆਫਤ ਵਿਚ ਘੱਟੋ-ਘੱਟ 12 ਵਿਅਕਤੀਆਂ ਦੀ ਮੌਤ ਹੋ ਗਈ ਅਤੇ 5 ਜ਼ਖਮੀ ਹੋ ਗਏ। ਇਸ ਖੇਤਰ ਵਿਚ 3 ਦਿਨਾਂ ਵਿਚ ਇੰਨਾ ਜ਼ਿਆਦਾ ਮੀਂਹ ਪਿਆ, ਜੋ ਆਮ ਤੌਰ ’ਤੇ ਇਕ ਸਾਲ ਵਿਚ ਪੈਂਦਾ ਸੀ।

ਇਹ ਵੀ ਪੜ੍ਹੋ: 2024 ’ਚ ਹੋਣਗੇ ਇਤਿਹਾਸ ਦੇ ਰੋਮਾਂਚਕ ਵਿਆਹ, ਧਰਤੀ ਤੋਂ 1 ਲੱਖ ਫੁੱਟ ਉੱਪਰ ਪੁਲਾੜ 'ਚ ਤਾਰਿਆਂ ਵਿਚਾਲੇ ਲੈ ਸਕੋਗੇ 'ਫੇਰੇ'

 

33 ਵਿਅਕਤੀਆਂ ਦੀ ਮੌਤ, 2 ਲੱਖ ਨੂੰ ਬਚਾਇਆ
ਚੀਨ ਵਿਚ ਇਹ ਬਰਸਾਤ ਦਾ ਸਮਾਂ ਹੈ ਅਤੇ ਇੱਥੇ ਹਰ ਸਾਲ ਹੜ੍ਹ ਆਉਂਦਾ ਹੈ। ਹਾਲਾਂਕਿ ਚੀਨੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਗਲੋਬਲ ਵਾਰਮਿੰਗ ਨੇ ਸਥਿਤੀ ਨੂੰ ਹੋਰ ਜ਼ਿਆਦਾ ਖਤਰਨਾਕ ਬਣਾ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਭਵਿੱਖ ਵਿਚ ਅਜਿਹੀ ਸਥਿਤੀ ਵਾਰ-ਵਾਰ ਆ ਸਕਦੀ ਹੈ। ਹੇਨਾਨ ’ਚ ਘੱਟੋ-ਘੱਟ 33 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 2 ਲੱਖ ਤੋਂ ਵੱਧ ਨੂੰ ਬਚਾਇਆ ਗਿਆ ਹੈ। ਪ੍ਰਮੁੱਖ ਸੜਕਾਂ ਨੇ ਨਦੀਆਂ ਦਾ ਰੂਪ ਲੈ ਲਿਆ ਹੈ ਅਤੇ ਪਾਣੀ ਦੀ ਤੇਜ਼ ਰਫਤਾਰ ਨਾਲ ਕਾਰਾਂ ਤੇ ਮਲਬਾ ਰੁੜ ਗਿਆ ਹੈ।

ਇਹ ਵੀ ਪੜ੍ਹੋ: ਅਮਰੀਕੀ ਅਧਿਐਨ ’ਚ ਦਾਅਵਾ, ਭਾਰਤ ’ਚ ਕੋਰੋਨਾ ਕਾਰਨ ਲਗਭਗ 50 ਲੱਖ ਮੌਤਾਂ, ਵੰਡ ਪਿਛੋਂ ਸਭ ਤੋਂ ਵੱਡੀ ਮਨੁੱਖੀ ਤ੍ਰਾਸਦੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry