ਬ੍ਰਿਸਬੇਨ ''ਚ ਜੰਗੀ ਸ਼ਹੀਦਾਂ ਦੀ ਯਾਦਗਾਰ ਲੋਕ ਅਰਪਣ

11/19/2017 10:46:30 AM

ਬ੍ਰਿਸਬੇਨ,(ਸੁਰਿੰਦਰਪਾਲ ਸਿੰਘ ਖੁਰਦ)— ਆਸਟ੍ਰੇਲੀਅਨ ਆਫ਼ ਇੰਡੀਅਨ ਹੈਰੀਟੇਜ ਵਾਰ ਮੈਮੋਰੀਅਲ ਕਮੇਟੀ ਵਲੋਂ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ 'ਚ ਸ਼ਹੀਦ ਹੋਏ ਆਸਟ੍ਰੇਲੀਅਨ ਭਾਰਤੀ ਫੌਜੀਆਂ ਦੀ ਯਾਦਗਾਰ ਨੂੰ ਸਮਰਪਿਤ ਬ੍ਰਿਸਬੇਨ ਦੇ ਸ਼ਹਿਰ ਸੰਨੀਬੈਂਕ ਆਰ. ਐੱਸ. ਐੱਲ. ਕਲੱਬ ਵਿਖੇ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਦੀ ਅਰੰਭਤਾ ਆਸਟ੍ਰੇਲੀਆ, ਫਿਜੀ ਅਤੇ ਭਾਰਤ ਦੇ ਰਾਸ਼ਟਰੀ ਗੀਤਾਂ ਨਾਲ ਕੀਤੀ ਗਈ। ਸਰਬ-ਧਰਮ
ਅਰਦਾਸ ਉਪਰੰਤ ਮੇਜਰ ਜਨਰਲ ਪੋਲ ਮੈੱਕਲਾਚਨ ਵਲੋਂ ਭਾਰਤੀ ਹਾਈ ਕਮਿਸ਼ਨਰ ਏ. ਐੱਮ. ਗੋਨਡੇਨ, ਫਿਜੀ ਹਾਈ ਕਮਿਸ਼ਨਰ ਯੋਗੇਸ਼ ਪੁੰਜਾ, ਸੁਰਿੰਦਰ ਪ੍ਰਸਾਦ ਚੇਅਰਮੈਨ, ਹਿਊ ਪੋਲਸਨ ਪ੍ਰਧਾਨ ਆਰ. ਐੱਸ. ਐੱਲ. ਕਲੱਬ, ਪ੍ਰਣਾਮ ਸਿੰਘ ਹੇਅਰ, ਰਸ਼ਪਾਲ ਹੇਅਰ, ਪੁਲਸ ਕਮਿਸ਼ਨਰ, ਸੰਸਦ ਮੈਂਬਰ ਅਤੇ ਹੋਰ ਮੁੱਖ ਸ਼ਖਸੀਅਤਾਂ ਦੀ ਹਾਜ਼ਰੀ 'ਚ ਜੰਗੀ ਸ਼ਹੀਦਾ ਦੇ ਬਲੀਦਾਨ ਨੂੰ ਸਮਰਪਿਤ ਪਹਿਲੀ ਜੰਗੀ ਯਾਦਗਾਰ ਤੋਂ ਪਰਦਾ ਚੁੱਕ ਕੇ ਲੋਕ ਅਰਪਣ ਕੀਤੀ ਗਈ।
ਇਸ ਤੋਂ ਬਾਅਦ ਮੇਜਰ ਜਨਰਲ ਪੋਲ, ਸੁਰਿੰਦਰ ਪ੍ਰਸਾਦ, ਸੰਨੀ ਦੁਸਾਂਝ ਨੇ ਹਾਜ਼ਰੀਨ ਨੂੰ ਮੁਖ਼ਾਤਿਬ ਹੁੰਦਿਆਂ ਆਪਣੇ-ਆਪਣੇ ਸੰਬੋਧਨ 'ਚ ਦੱਸਿਆ ਕਿ ਪਹਿਲੇ ਵਿਸ਼ਵ ਯੁੱਧ ਵਿਚ 13 ਲੱਖ ਭਾਰਤੀ ਫੌਜੀਆਂ ਨੇ ਹਿੱਸਾ ਲਿਆ ਜਿਨ੍ਹਾਂ 'ਚੋ 74 ਹਜ਼ਾਰ ਦੇ ਕਰੀਬ ਨੇ ਸ਼ਹੀਦੀ ਦਾ ਜਾਮ ਪੀਤਾ। ਦੂਜੇ ਵਿਸ਼ਵ ਯੁੱਧ ਵਿਚ 25 ਲੱਖ ਦੇ ਕਰੀਬ ਫੌਜੀਆਂ ਨੇ ਹਿੱਸਾ ਲਿਆ ਸੀ ਜਿਨ੍ਹਾਂ 'ਚੋਂ 87,000 ਦੇ ਲਗਭਗ ਸ਼ਹਾਦਤ ਪ੍ਰਾਪਤ ਕੀਤੀ ਅਤੇ ਇਸੇ ਤਰ੍ਹਾਂ ਗਾਲੀਪੋਲੀ ਦੀ ਲੜਾਈ ਵਿਚ 15000 'ਚੋਂ 1500 ਭਾਰਤੀ ਫੌਜੀਆਂ ਨੇ ਸ਼ਹੀਦ ਹੋਏ ਸਨ। ਉਨ੍ਹਾਂ ਸਿੱਖ ਫੌਜੀਆਂ ਵਲੋ ਪਾਏ ਗਏ ਯੋਗਦਾਨ ਦੀ ਵੀ ਭਰਪੂਰ
ਪ੍ਰਸੰਸ਼ਾ ਕੀਤੀ। 
ਹਿਊ ਪੋਲਸਨ ਪ੍ਰਧਾਨ ਆਰ. ਐੱਸ. ਐੱਲ. ਕਲੱਬ ਨੇ ਕਿਹਾ ਕਿ ਜੰਗੀ ਯਾਦਗਾਰ ਦੀ ਸਥਾਪਨਾ ਭਾਰਤੀ ਭਾਈਚਾਰੇ ਲਈ ਬਹੁਤ ਹੀ ਵੱਡੀ ਪ੍ਰਾਪਤੀ ਹੈ ਅਤੇ ਵਿਸ਼ਵ ਯੁੱਧ ਵਿਚ ਸ਼ਹੀਦ ਹੋਏ ਮਹਾਨ ਯੋਧਿਆਂ ਨੂੰ ਇਕ ਸੱਚੀ ਸ਼ਰਧਾਂਜਲੀ ਹੋਵੇਗੀ ਜੋ ਕਿ ਸਾਡੀ ਅਜੌਕੀ ਅਤੇ ਆਉਣ ਵਾਲੀਆ ਪੀੜ੍ਹੀਆਂ ਲਈ ਮਾਣ ਅਤੇ ਮਾਰਗਦਰਸ਼ਕ ਦਾ ਕਾਰਜ ਕਰੇਗੀ। ਮੰਚ ਸੰਚਾਲਨ ਦੀ ਭੂਮਿਕਾ ਰੀਨਾ ਅਗਸਟਾਈਨ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਸੂਬਾ ਅਤੇ ਸੰਘੀ ਸਰਕਾਰ ਦੇ ਮੰਤਰੀ ਸਾਹਿਬਾਨ ਰੋਸ ਵਾਸਟਾ, ਗ੍ਰਹੈਮ ਪੈਰਟ, ਪੀਟਰ ਰੋਸੋ, ਅਰਚਨਾ ਸਿੰਘ ਭਾਰਤੀ ਕੌਂਸਲੇਟ, ਸਥਾਨਕ ਪ੍ਰਸਾਸ਼ਨਕ ਅਧਿਕਾਰੀਆਂ, ਸਾਬਕਾ ਫੌਜੀਆਂ ਅਤੇ ਵੱਖ-ਵੱਖ ਭਾਈਚਾਰਿਆਂ ਦੇ ਪਤਵੰਤੇ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।