ਮੈਲਬੌਰਨ ''ਚ ਆਸਮਾਨੀ ਬਿਜਲੀ ਡਿੱਗਣ ਕਾਰਨ 20 ਸਾਲਾ ਲੜਕੀ ਦੀ ਮੌਤ

11/25/2017 5:44:04 PM

ਮੈਲਬੌਰਨ (ਏਜੰਸੀ)— ਮੈਲਬੌਰਨ 'ਚ ਆਸਮਾਨੀ ਬਿਜਲੀ ਡਿੱਗਣ ਕਾਰਨ 20 ਸਾਲਾ ਲੜਕੀ ਦੀ ਮੌਤ ਹੋ ਗਈ। ਇਹ ਘਟਨਾ ਸ਼ੁੱਕਰਵਾਰ ਰਾਤ 8.30 ਵਜੇ ਕਰਿਨਸਾਈਡ ਪਾਰਕ 'ਚ ਵਾਪਰੀ। ਮ੍ਰਿਤਕ ਲੜਕੀ ਦਾ ਨਾਂ ਲੌਰੇਨ ਬਰਾਊਨਲੀ ਹੈ। 20 ਸਾਲਾ ਲੌਰੇਨ ਨਾਲ ਇਹ ਘਟਨਾ ਕੱਲ ਉਸ ਸਮੇਂ ਵਾਪਰੀ ਜਦੋਂ ਉਹ ਕਰਿਨਸਾਈਡ ਪਾਰਕ 'ਚ ਆਪਣੇ ਬੁਆਏਫਰੈਂਡ ਨਾਲ ਕਾਰ ਡਰਾਈਵ ਕਰ ਰਹੀ ਸੀ। ਪੁਲਸ ਦਾ ਮੰਨਣਾ ਹੈ ਕਿ ਦੋਵੇਂ ਕਾਰ 'ਚੋਂ ਨਿਕਲ ਕੇ ਇਕ ਦਰਖਤ ਹੇਠਾਂ ਖੜ੍ਹੇ ਸਨ ਅਤੇ ਉਨ੍ਹਾਂ 'ਤੇ ਆਸਮਾਨੀ ਬਿਜਲੀ ਆ ਡਿੱਗੀ। ਲੌਰੇਨ ਦੀਆਂ ਲੱਤਾਂ ਬੁਰੀ ਤਰ੍ਹਾਂ ਝੁਲਸ ਗਈਆਂ, ਜਦਕਿ ਉਸ ਦੇ ਬੁਆਏਫਰੈਂਡ ਨੂੰ ਦਿਲ ਦਾ ਦੌਰਾ ਪੈ ਗਿਆ। ਲੌਰੇਨ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਲੌਰੇਨ ਦੇ ਬੁਆਏਫਰੈਂਡ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।
ਓਧਰ ਲੌਰੇਨ ਦੇ ਦੋਸਤਾਂ ਨੇ ਆਨਲਾਈਨ ਉਸ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਉਸ ਦੇ ਇਕ ਦੋਸਤ ਨੇ ਲਿਖਿਆ, ''ਮੈਂ ਦਿਲ ਤੋਂ ਲੌਰੇਨ ਦੇ ਪਰਿਵਾਰ ਪ੍ਰਤੀ ਹਮਦਰਦੀ ਜ਼ਾਹਰ ਕਰਦਾ ਹਾਂ। ਲੌਰੇਨ ਬਹੁਤ ਹੀ ਚੰਗੀ ਲੜਕੀ ਸੀ।'' ਦੱਸਣਯੋਗ ਹੈ ਕਿ ਮੈਲਬੌਰਨ ਵਿਚ ਸ਼ੁੱਕਰਵਾਰ ਦੀ ਰਾਤ ਨੂੰ ਤਕਰੀਬਨ 15,000 ਵਾਰ ਬਿਜਲੀ ਚਮਕੀ ਅਤੇ ਤੇਜ਼ ਤੂਫਾਨ ਵੀ ਆਇਆ।