ਆਸਟਰੇਲੀਆ ''ਚ ਨਸਲੀ ਹਮਲੇ ਦਾ ਸ਼ਿਕਾਰ ਹੋਇਆ ਭਾਰਤੀ, ਚਰਚ ਦੇ ਅੰਦਰ ਹਮਲਾਵਰ ਨੇ ਕੀਤਾ ਚਾਕੂ ਨਾਲ ਹਮਲਾ

03/20/2017 10:52:51 AM

ਮੈਲਬੌਰਨ— ਆਸਟਰੇਲੀਆ ਦੇ ਸ਼ਹਿਰ ਮੈਲਬੌਰਨ ''ਚ ਇੱਕ ਚਰਚ ''ਚ ਭਾਰਤੀ ਭਾਈਚਾਰੇ ਦੇ ਇੱਕ ਕੈਥੋਲਿਕ ਪਾਦਰੀ ਦੇ ਗਲੇ ''ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਹਮਲਾਵਰ ਨੇ ਕਿਹਾ ਕਿ ਭਾਰਤੀ ਹੋਣ ਦੇ ਕਾਰਨ ਉਹ ਪ੍ਰਾਰਥਨਾ ਕਰਾਉਣ ਦੇ ਯੋਗ ਨਹੀਂ ਹੈ। ਇਸ ਨੂੰ ਨਸਲੀ ਹਮਲਾ ਮੰਨਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਮੈਲਬੌਰਨ ਦੇ ਫਾਕਨਰ ਕਸਬੇ ਦੀ ਸੈਂਟ ਮੈਥਿਊਜ਼ ਪੇਰਿਸ਼ ਚਰਚ ''ਚ ਐਤਵਾਰ ਨੂੰ ਇਤਾਲਵੀ ਭਾਸ਼ਾ ''ਚ ਹੋਣ ਵਾਲੀ ਪ੍ਰਾਰਥਨਾ ਸਭਾ ''ਚ ਇੱਕ ਵਿਅਕਤੀ ਫਾਦਰ ਟੌਮੀ ਕਾਲਾਥੂਰ ਮੈਥਿਊ (48) ਦੇ ਕੋਲ ਆਇਆ। ਸਥਾਨਕ ਮੀਡੀਆ ਰਿਪੋਰਟ ਮੁਤਾਬਕ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਪਾਦਰੀ ਨੂੰ ਕਿਹਾ ਕਿ ਹਾਲਾਂਕਿ ਉਹ ਇੱਕ ਭਾਰਤੀ ਹੈ ਤਾਂ ਚਾਹੇ ਹਿੰਦੂ ਹੋਵੇਗਾ ਜਾਂ ਮੁਸਲਮਾਨ, ਇਸ ਲਈ ਉਹ ਪ੍ਰਾਰਥਨਾ ਸਭਾ ਕਰਾਉਣ ਦੇ ਯੋਗ ਨਹੀਂ ਹੈ। ਉੱਥੇ ਮੌਜੂਦ ਇੱਕ ਸ਼ਰਧਾਲੂ ਮੇਲਿਨਾ ਨੇ ਦੱਸਿਆ, ''ਚਰਚ ਦੇ ਪਿਛਲੇ ਹਿੱਸੇ ''ਚ ਕਾਫੀ ਰੌਲਾ-ਰੱਪਾ ਅਤੇ ਹਲਚਲ ਮਚੀ ਹੋਈ ਸੀ ਅਤੇ ਉਦੋਂ ਮੈਂ ਫਾਦਰ ਟੋਮੀ ਨੂੰ ਆਪਣੇ ਵੱਲ ਆਉਂਦਿਆਂ ਦੇਖਿਆ। ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਕੀ ਮੈਂ ਉਨ੍ਹਾਂ ਦੀ ਗਰਦਨ ਨੂੰ ਦੇਖ ਸਕਦੀ ਹਾਂ, ਕਿਉਂਕਿ ਮੈਨੂੰ ਅਜੇ ਚਾਕੂ ਮਾਰਿਆ ਗਿਆ ਹੈ।'' 72 ਸਾਲਾ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ''ਤੇ ਕਿਸੇ ਦੂਜੇ ਵਿਅਕਤੀ ਨੂੰ ਗੰਭੀਰ ਰੂਪ ਨਾਲ ਜ਼ਖ਼ਮੀ ਕਰਨ ਦੇ ਇਰਾਦੇ ਅਤੇ ਜਾਣ-ਬੁੱਝ ਕੇ ਹਮਲਾ ਕਰਨ ਦੇ ਦੋਸ਼ ਲਗਾਏ ਗਏ ਹਨ। ਉਸ ਨੂੰ ਆਉਣ ਵਾਲੀ 13 ਜੂਨ ਨੂੰ ਸ਼ਹਿਰ ਦੀ ਇੱਕ ਅਦਾਲਤ ''ਚ ਪੇਸ਼ ਕੀਤਾ ਜਾਵੇਗਾ ਅਤੇ ਉਦੋਂ ਤੱਕ ਉਹ ਜ਼ਮਾਨਤ ''ਤੇ ਰਿਹਾਅ ਹੋ ਗਿਆ ਹੈ। 
ਡਿਟੈਕਟਿਵ ਸੀਨੀਅਰ ਕਾਂਸਟੇਬਲ ਆਰ. ਨੋਟਰਨ ਨੇ ਪੱਤਰਕਾਰਾਂ ਨੂੰ ਦੱਸਿਆ, ''ਇਸ ਪੱਧਰ ''ਤੇ ਸਾਨੂੰ ਲੱਗਦਾ ਹੈ ਕਿ ਇਹ ਇੱਕ ਇਕੱਲੀ ਘਟਨਾ ਹੈ ਅਤੇ ਅਜਿਹਾ ਕੁਝ ਵੀ ਨਹੀਂ ਹੈ, ਜਿਸ ਨਾਲ ਇਹ ਲੱਗਦਾ ਹੋਵੇ ਕਿ ਉਹ ਕਿਸੇ ਹੋਰ ਲਈ ਖ਼ਤਰਾ ਹੈ।'' ''ਕੈਥੋਲਿਕ ਆਰਕਡਿਓਸੀ ਆਫ ਮੈਲਬੌਰਨ'' ਦੇ ਬੁਲਾਰੇ ਸ਼ੇਨ ਹੀਲੇ ਨੇ ਇਸ ਘਟਨਾ ਨੂੰ ਭਿਆਨਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ, ''ਲੋਕਾਂ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਨਹੀਂ ਕੀਤਾ ਜਾਣਾ ਚਾਹੀਦਾ ਹੈ। ਇਹ ਵਿਅਕਤੀ ਜ਼ਿਕਰਯੋਗ ਕਾਰਜ ਕਰ ਰਿਹਾ ਹੈ ਅਤੇ ਇਹ ਹਮਲਾ ਅਨੇਕਾਂ ਕੈਥੋਲਿਕ ਪਾਦਰੀਆਂ ਵਲੋਂ ਕੀਤੇ ਜਾ ਰਹੇ ਮਹਾਨ ਕਾਰਜਾਂ ''ਤੇ ਇੱਕ ਸੱਟ ਹੈ।'' ਹਮਲੇ ਤੋਂ ਬਾਅਦ ਨਾਰਦਨ ਹਸਪਤਾਲ ''ਚ ਭਰਤੀ ਫਾਦਰ ਟੌਮੀ ਦੇ ਸਰੀਰ ਦੇ ਉੱਪਰਲੇ ਹਿੱਸੇ ''ਤੇ ਮਾਮੂਲੀ ਜ਼ਖ਼ਮ ਹਨ ਪਰ ਉਨ੍ਹਾਂ ਦੀ ਹਾਲਤ ਸਥਿਰ ਹੈ।