ਮੈਲਬੌਰਨ 'ਚ ਗਰਮੀ ਕਾਰਨ ਛੁੱਟੇ ਲੋਕਾਂ ਦੇ ਪਸੀਨੇ, ਤਾਪਮਾਨ ਨੇ ਤੋੜਿਆ 155 ਸਾਲ ਦਾ ਰਿਕਾਰਡ

11/21/2017 1:04:09 PM

ਮੈਲਬੌਰਨ (ਏਜੰਸੀ)— ਆਸਟ੍ਰੇਲੀਆ ਦੇ ਮੈਲੌਬਰਨ 'ਚ ਰਹਿਣ ਵਾਲੇ ਲੋਕਾਂ ਲਈ ਨਵੰਬਰ ਮਹੀਨਾ ਅੱਤ ਦੀ ਗਰਮੀ ਵਾਲਾ ਚੜ੍ਹਿਆ ਹੈ। ਇੱਥੇ ਦੱਸ ਦੇਈਏ ਕਿ ਮੈਲਬੌਰਨ 'ਚ ਮੰਗਲਵਾਰ ਭਾਵ ਅੱਜ ਦਾ ਤਾਪਮਾਨ 32 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ, ਜੋ ਕਿ ਆਸਟ੍ਰੇਲੀਅਨ ਵਾਸੀਆਂ ਲਈ ਬਹੁਤ ਹੀ ਜ਼ਿਆਦਾ ਗਰਮ ਹੈ। ਇਸ ਵਧਦੇ ਹੋਏ ਤਾਪਮਾਨ ਕਾਰਨ ਮੈਲਬੌਰਨ 'ਚ ਪਈ ਹੁਣ ਤੱਕ ਦੀ ਗਰਮੀ ਨੇ 155 ਸਾਲ ਦੇ ਰਿਕਾਰਡ ਨੂੰ ਤੋੜਿਆ ਹੈ। 
ਲੋਕ ਖੁਦ ਨੂੰ ਗਰਮੀ ਤੋਂ ਬਚਾਉਣ ਅਤੇ ਰਾਹਤ ਲਈ ਸਵੀਮਿੰਗ ਪੂਲ ਦਾ ਸਹਾਰਾ ਲੈ ਰਹੇ ਹਨ। ਮੌਸਮ ਵਿਭਾਗ ਅਨੁਸਾਰ ਤਾਪਮਾਨ 30 ਡਿਗਰੀ ਸੈਲਸੀਅਸ ਬਣਿਆ ਰਹਿ ਸਕਦਾ ਹੈ। ਜਦੋਂ ਸੂਰਜ ਡੁੱਬ ਜਾਂਦਾ ਹੈ ਤਾਂ ਅੱਜ ਰਾਤ ਦੇ ਸਮੇਂ ਵੀ ਗਰਮੀ ਇੰਝ ਹੀ ਰਹੇਗੀ ਅਤੇ ਤਾਪਮਾਨ 18 ਡਿਗਰੀ ਸੈਲਸੀਅਸ ਤੋਂ ਹੇਠਾਂ ਨਹੀਂ ਜਾਵੇਗਾ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਬੁੱਧਵਾਰ ਅਤੇ ਵੀਰਵਾਰ ਨੂੰ ਤਾਪਮਾਨ 31 ਡਿਗਰੀ ਸੈਲਸੀਅਸ ਅਤੇ ਸ਼ੁੱਕਰਵਾਰ ਨੂੰ 30 ਅਤੇ ਸ਼ਨੀਵਾਰ ਨੂੰ 28 ਡਿਗਰੀ ਸੈਲਸੀਅਸ ਬਣਿਆ ਰਹੇਗਾ ਯਾਨੀ ਕਿ ਨਵੰਬਰ ਮਹੀਨੇ ਰਾਤ-ਦਿਨ ਲੋਕਾਂ ਨੂੰ ਗਰਮੀ ਬਰਦਾਸ਼ਤ ਕਰਨੀ ਪਵੇਗੀ। ਇਸ ਤੋਂ ਇਲਾਵਾ ਸਿਡਨੀ 'ਚ ਅੱਜ ਦਾ ਘੱਟ ਤੋਂ ਘੱਟ ਤਾਪਮਾਨ 23 ਡਿਗਰੀ ਸੈਲਸੀਅਸ ਬਣਿਆ ਹੋਇਆ ਹੈ। ਉੱਥੇ ਹੀ ਬ੍ਰਿਸਬੇਨ ਅਤੇ ਪਰਥ ਦਾ ਤਾਪਮਾਨ 25 ਅਤੇ 30 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।