ਸ਼ਾਰਕ ਹਮਲੇ ਦੀ ਪੀੜਤ 12 ਸਾਲਾ ਲੜਕੀ ਹੋਈ ਅਪਾਹਜ਼, ਸ਼ੇਅਰ ਕੀਤੀ ਤਸਵੀਰ

10/14/2018 2:42:25 PM

ਮੈਲਬੌਰਨ (ਬਿਊਰੋ)— ਮੈਲਬੌਰਨ ਦੀ ਇਕ 12 ਸਾਲਾ ਲੜਕੀ ਬੀਤੇ ਮਹੀਨੇ ਵ੍ਹਿਟਸੰਡੇ ਵਿਚ ਤੈਰਦੇ ਸਮੇਂ ਹਾਦਸੇ ਦੀ ਸ਼ਿਕਾਰ ਹੋ ਗਈ ਸੀ। ਅਸਲ ਵਿਚ ਇਸ ਲੜਕੀ 'ਤੇ ਸ਼ਾਰਕ ਨੇ ਹਮਲਾ ਕਰ ਦਿੱਤਾ ਸੀ। 12 ਸਾਲਾ ਹੰਨਾਹ ਪਾਪਸ 20 ਸਤੰਬਰ ਨੂੰ ਆਪਣੇ ਪਰਿਵਾਰ ਨਾਲ ਫੈਮਿਲੀ ਹੌਲੀਡੇਅ 'ਤੇ ਸਿਡ ਹਾਰਬਰ ਗਈ ਸੀ। ਉੱਥੇ ਸਮੁੰਦਰ ਵਿਚ ਤੈਰਦੇ ਸਮੇਂ ਸ਼ਾਰਕ ਨੇ ਉਸ ਦੀ ਲੱਤ 'ਤੇ ਹਮਲਾ ਕਰ ਦਿੱਤਾ ਸੀ। ਇਲਾਜ ਦੌਰਾਨ ਜਾਨ ਬਚਾਉਣ ਲਈ ਹੰਨਾਹ ਦੀ ਜ਼ਖਮੀ ਲੱਤ ਨੂੰ ਕੱਟਣਾ ਪਿਆ। 

ਇਸ ਤੋਂ ਇਕ ਦਿਨ ਪਹਿਲਾਂ ਤਸਮਾਨੀਆ ਦੇ 46 ਸਾਲਾ ਜਸਟਿਨ ਬਾਰਵਿਕ ਵੀ ਉਸੇ ਖੇਤਰ ਵਿਚ ਤੈਰਦੇ ਸਮੇਂ ਸ਼ਾਰਕ ਦੇ ਹਮਲੇ ਦੇ ਸ਼ਿਕਾਰ ਹੋਏ ਸਨ। ਸ਼ਾਰਕ ਨੇ ਉਨ੍ਹਾਂ ਦੇ ਖੱਬੇ ਪੱਟ 'ਤੇ ਹਮਲਾ ਕੀਤਾ ਸੀ। ਵ੍ਹੀਲਚੇਅਰ 'ਤੇ ਬੈਠੀ ਹੰਨਾਹ ਦੀ ਇਕ ਤਸਵੀਰ ਪੈਰਾਲੀਮਪੀਅਨ ਈਲੇ ਕੋਲੇ ਦੇ ਇੰਸਟਾਗ੍ਰਾਮ ਖਾਤੇ 'ਤੇ ਸ਼ੇਅਰ ਕੀਤੀ ਗਈ। ਕੋਲੇ ਨੇ ਆਪਣੀ ਪੋਸਟ ਵਿਚ ਲਿਖਿਆ,''12 ਸਾਲਾ ਹੰਨਾਹ ਨੇ ਆਪਣੀ ਲੱਤ ਤਿੰਨ ਹਫਤੇ ਪਹਿਲਾਂ ਹੋਏ ਸ਼ਾਰਕ ਹਮਲੇ ਵਿਚ ਗਵਾ ਦਿੱਤੀ, ਜਦੋਂ ਉਹ ਵ੍ਹੀਟਸੰਡੇ ਵਿਚ ਛੁੱਟੀਆਂ ਬਿਤਾਉਣ ਲਈ ਗਈ ਹੋਈ ਸੀ। ਅੱਜ ਉਹ ਪਹਿਲੀ ਵਾਰ ਵ੍ਹੀਲਚੇਅਰ 'ਤੇ ਹੈ ਅਤੇ ਮੈਂ ਉਸ ਦੇ ਨਾਲ ਨਹੀਂ ਹਾਂ। ਉਹ ਮਹਾਨ ਬਣਨ ਜਾ ਰਹੀ ਹੈ।''

ਹੰਨਾਹ ਅਤੇ ਬਾਰਵੀਕ 'ਤੇ ਹੋਏ ਹਮਲੇ ਨੇ ਪ੍ਰਸ਼ਾਸਨ ਨੂੰ ਸਖਤ ਕਦਮ ਚੁੱਕਣ ਲਈ ਪ੍ਰੇਰਿਤ ਕੀਤਾ ਹੈ ਤਾਂ ਜੋ ਭਵਿੱਖ ਵਿਚ ਅਜਿਹੇ ਹਮਲਿਆਂ ਤੋ ਬਚਿਆ ਜਾ ਸਕੇ।