ਕੈਨੇਡੀਅਨ ਪੀ. ਐੱਮ. ਟਰੂਡੋ ਨੇ ਟਰੰਪ ਦੀ ਵਹੁਟੀ ਮੇਲਾਨੀਆ ਦਾ ਕੀਤਾ ਨਿੱਘਾ ਸੁਆਗਤ (ਤਸਵੀਰਾਂ)

09/25/2017 11:10:21 AM

ਟੋਰਾਂਟੋ, (ਬਿਊਰੋ)— ਅਮਰੀਕੀ ਰਾਸ਼ਟਰਪਤੀ ਦੀ ਪਤਨੀ ਮੇਲਾਨੀਆ ਟਰੰਪ ਕੈਨੇਡਾ ਦੌਰੇ 'ਤੇ ਗਈ ਹੈ। ਮੇਲਾਨੀਆ ਕੈਨੇਡਾ 'ਚ ਹੋ ਰਹੇ 'ਇਨਵਿਕਟਸ ਗੇਮਜ਼' 'ਚ ਸ਼ਿਰਕਤ ਕਰਨ ਪੁੱਜੀ ਹੈ। ਇਸ ਗੇਮਜ਼ ਦਾ ਉਦਘਾਟਨ ਕੈਨੇਡਾ 'ਚ ਸ਼ਨੀਵਾਰ ਦੀ ਸ਼ਾਮ ਨੂੰ ਬਹੁਤ ਹੀ ਸ਼ਾਨਦਾਰ ਢੰਗ ਨਾਲ ਹੋਇਆ। ਬ੍ਰਿਟੇਨ ਦੇ ਪ੍ਰਿੰਸ ਹੈਰੀ ਨੇ 3 ਸਾਲ ਪਹਿਲਾਂ ਇਸ ਖੇਡ ਦੀ ਸ਼ੁਰੂਆਤ ਕੀਤੀ ਸੀ ਅਤੇ ਜ਼ਖਮੀ ਹੋ ਚੁੱਕੇ ਜਵਾਨਾਂ 'ਚ ਮੁੜ ਜ਼ਿੰਦਗੀ ਜਿਊਣ ਦਾ ਉਤਸ਼ਾਹ ਭਰਿਆ ਸੀ। 30 ਸਤੰਬਰ ਨੂੰ ਇਹ ਖੇਡਾਂ ਖਤਮ ਹੋਣਗੀਆਂ। ਲੱਗਭਗ 550 ਤੋਂ ਵਧੇਰੇ ਜਵਾਨ ਇਸ 'ਚ ਹਿੱਸਾ ਲੈ ਰਹੇ ਹਨ। 
ਖਾਸ ਗੱਲ ਇਹ ਹੈ ਕਿ ਇਸ ਖੇਡ ਪ੍ਰੋਗਰਾਮ 'ਚ ਸ਼ਿਰਕਤ ਕਰਨ ਪੁੱਜੀ ਮੇਲਾਨੀਆ ਦੀ ਮੁਲਾਕਾਤ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹੋਈ। ਮੇਲਾਨੀਆ ਉਦਘਾਟਨ ਸਮਾਰੋਹ ਤੋਂ ਪਹਿਲਾਂ ਟੋਰਾਂਟੋ 'ਚ ਏਅਰ ਕੈਨੇਡਾ ਸੈਂਟਰ ਪੁੱਜੀ, ਜਿੱਥੇ ਉਨ੍ਹਾਂ ਨੇ ਟਰੂਡੋ ਨਾਲ ਮੁਲਾਕਾਤ ਕੀਤੀ। ਮੇਲਾਨੀਆਂ ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਦੇਖ ਕੇ ਹੈਰਾਨ ਰਹਿ ਗਏ। ਟਰੂਡੋ ਨੇ ਬਹੁਤ ਹੀ ਗਰਮਜੋਸ਼ੀ ਨਾਲ ਉਨ੍ਹਾਂ ਦਾ ਸੁਆਗਤ ਕੀਤਾ ਅਤੇ ਗਲੇ ਲਾਇਆ। ਟਰੂਡੋ ਦੀ ਪਤਨੀ ਸੋਫੀ ਗ੍ਰੇਗੋਇਰ ਨੇ ਵੀ ਮੇਲਾਨੀਆ ਦਾ ਖੁੱਲ੍ਹੇ ਦਿਲ ਦਾ ਸੁਆਗਤ ਕੀਤਾ। ਟਰੂਡੋ ਦੇ ਬੱਚੇ ਵੀ ਮੇਲਾਨੀਆ ਨੂੰ ਦੇਖ ਕੇ ਬਹੁਤ ਖੁਸ਼ ਹੋਏ। ਦੱਸਣਯੋਗ ਹੈ ਕਿ ਮੇਲਾਨੀਆ ਆਪਣੇ ਪਤੀ ਡੋਨਾਲਡ ਟਰੰਪ ਤੋਂ ਬਿਨਾਂ ਕਿਸੇ ਕੌਮਾਂਤਰੀ ਦੌਰੇ 'ਤੇ ਇਕੱਲੀ ਪੁੱਜੀ ਹੈ। ਕੈਨੇਡਾ 'ਚ ਉਸ ਦਾ ਗਰਮਜੋਸ਼ੀ ਨਾਲ ਸੁਆਗਤ ਹੋਇਆ।