ਅਗਲੇ 48 ਘੰਟਿਆਂ ਦੌਰਾਨ ਪਾਕਿਸਤਾਨ 'ਚ ਆ ਸਕਦੈ ਹੜ੍ਹ

08/20/2019 4:47:26 PM

ਇਸਲਾਮਾਬਾਦ— ਪਾਕਿਸਤਾਨ ਦੇ ਮੌਸਮ ਵਿਭਾਗ ਵਲੋਂ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਕਿ ਸਤਲੁਜ ਦਰਿਆ 'ਚ ਮੱਧ ਤੇ ਉੱਚ ਪੱਧਰ ਦਾ ਹੜ੍ਹ ਆ ਸਕਦਾ ਹੈ ਕਿਉਂਕਿ ਮੰਗਲਵਾਰ ਤੱਕ ਭਾਰਤ ਵਲੋਂ ਬਿਨਾਂ ਦੱਸੇ ਛੱਡੇ ਪਾਣੀ ਕਾਰਨ ਇਸ ਦਾ ਪੱਧਰ 17.80 ਫੁੱਟ ਤੱਕ ਪੁੱਜ ਚੁੱਕਾ ਹੈ। 

ਐਕਸਪ੍ਰੈੱਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਮੌਸਮ ਵਿਭਾਗ ਵਲੋਂ ਜਾਰੀ ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਅਗੇਲ 48 ਘੰਟਿਆਂ 'ਚ ਪੰਜਾਬ ਦੇ ਗੰਡਾ ਸਿੰਘ ਵਾਲਾ ਜ਼ਿਲੇ 'ਚ ਸਤਲੁਜ ਦਰਿਆ 'ਚ ਮੱਧ ਤੋਂ ਉੱਚ ਪੱਧਰ ਦਾ ਹੜ੍ਹ ਆ ਸਕਦਾ ਹੈ ਤੇ ਬਾਕੀ ਦਰਿਆ ਘੱਟ ਤੇ ਮੱਧ ਦਰਜੇ ਦੇ ਨਿਸ਼ਾਨ 'ਤੇ ਹਨ। ਬਿਆਨ 'ਚ ਕਿਹਾ ਗਿਆ ਹੈ ਕਿ ਗੰਡਾ ਸਿੰਘ ਵਾਲਾ 'ਚ ਪਾਣੀ ਅਗਲੇ 10 ਤੋਂ 15 ਘੰਟਿਆਂ 'ਚ 37,640 ਕਿਊਸਿਕ ਤੱਕ ਪਹੁੰਚ ਸਕਦਾ ਹੈ। ਸੂਬੇ ਦੇ ਆਪਦਾ ਪ੍ਰਬੰਧਨ ਡਾਇਰੈਕਟਰ ਤਾਰਿਕ ਮਸੂਦ ਫਾਰੂਕ ਨੇ ਕਿਹਾ ਕਿ ਆਉਣ ਵਾਲੇ ਕੁਝ ਘੰਟਿਆਂ 'ਚ ਪਾਣੀ ਦਾ ਪੱਧਰ ਵਧ ਸਕਦਾ ਹੈ। ਭਾਰਤ ਵਲੋਂ ਬਿਨਾਂ ਦੱਸੇ ਪਾਣੀ ਛੱਡੇ ਜਾਣ ਕਾਨ ਤਰਬੇਲਾ ਡੈਮ ਆਪਣੀ ਪੂਰੀ ਸਮਰਥਾ 1,550 ਫੁੱਟ ਤੱਕ ਪਹੁੰਚ ਗਿਆ ਹੈ।

ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਡੈਮ ਦੇ ਸਾਰੇ ਗੇਟ ਖੋਲ੍ਹ ਦਿੱਤੇ ਗਏ ਤੇ ਇਥੋਂ ਦਾ ਪਾਵਰ ਪਲਾਂਟ ਆਪਣੀ ਫੁੱਲ ਕਪੈਸਟੀ 'ਤੇ 4,888 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਹੈ। ਆਪਦਾ ਪ੍ਰਬੰਧਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਦਰਿਆਵਾਂ ਦੇ ਪਾਣੀ 'ਤੇ ਨੇੜੇਓਂ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦਰਿਆ ਦੇ ਨੇੜੇ ਵੱਸਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ ਤੇ ਰਿਲੀਫ ਕੈਂਪ ਬਣਾਏ ਜਾ ਰਹੇ ਹਨ।

Baljit Singh

This news is Content Editor Baljit Singh