ਮੱਕਾ ਦੇ ਹੋਟਲ ''ਚ ਲੱਗੀ ਅੱਗ, ਹੱਜ ਯਾਤਰੀਆਂ ''ਚ ਪਈਆਂ ਭਾਜੜਾਂ

08/21/2017 8:31:14 PM

ਰਿਆਦ— ਸਾਊਦੀ ਅਰਬ ਦੇ ਮੱਕਾ ਸ਼ਹਿਰ 'ਚ ਸੋਮਵਾਰ ਨੂੰ ਇਕ ਹੋਟਲ 'ਚ ਅੱਗ ਲੱਗ ਗਈ, ਜਿਸ ਨਾਲ ਹੱਜ ਯਾਤਰੀਆਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਇਕ ਪੱਤਰਕਾਰ ਏਜੰਸੀ ਦੇ ਮੁਤਾਬਕ ਇਕ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦੇ ਬਾਅਦ ਹੋਟਲ ਨੂੰ ਖਾਲੀ ਕਰਵਾ ਲਿਆ ਗਿਆ। 
ਸਾਊਦੀ ਅਰਬ 'ਚ 20 ਲੱਖ ਤੋਂ ਵੀ ਜ਼ਿਆਦਾ ਮੁਸਲਮਾਨ ਇਸ ਸਾਲ ਹੱਜ ਕਰਨਗੇ। ਨਾਗਰਿਕ ਰੱਖਿਆ ਦੇ ਬੁਲਾਰੇ ਨਾਇਕ ਅਲ ਸ਼ਰੀਫ ਨੇ ਦੱਸਿਆ ਕਿ ਇਸ ਘਟਨਾ 'ਚ ਕਿਸੇ ਦੇ ਮਾਰੇ ਜਾਣ ਦੀ ਕੋਈ ਖਬਰ ਨਹੀਂ ਹੈ। ਅੱਗ ਅਜਾਜਿਆ ਜ਼ਿਲੇ 'ਚ ਹੋਟਲ ਦੀ ਅੱਠਵੀਂ ਮੰਜ਼ਿਲ 'ਤੇ ਲੱਗੀ ਸੀ। ਅੱਗ ਲੱਗਣ ਤੋਂ ਬਾਅਦ ਹੋਟਲ 'ਚ ਮੌਜੂਦ ਸਾਰੇ 600 ਲੋਕਾਂ ਨੂੰ ਬਾਹਰ ਕੱਢ ਲਿਆ ਗਿਆ। ਇਨ੍ਹਾਂ 'ਚੋਂ ਜ਼ਿਆਦਾਤਰ ਲੋਕ ਤੁਰਕੀ ਤੇ ਯਮਨ ਦੇ ਸਨ। ਸਥਿਤੀ 'ਤੇ ਪੂਰੀ ਤਰ੍ਹਾਂ ਕਾਬੂ ਪਾਉਣ ਤੋਂ ਬਾਅਦ ਉਨ੍ਹਾਂ ਨੂੰ ਹੋਟਲ ਲਿਜਾਇਆ ਗਿਆ।