ਸ਼ਰਾਬਬੰਦੀ ਤੋਂ ਬਚਣ ਲਈ ਨੌਜਵਾਨਾਂ ਨੇ ਬਣਾਇਆ ਖੁਦ ਦਾ ''ਟਾਪੂ''

01/02/2018 12:39:16 PM

ਵੈਲਿੰਗਟਨ (ਬਿਊਰੋ)— ਬਹੁਤ ਸਾਰੇ ਨੌਜਵਾਨਾਂ ਲਈ ਨਵੇਂ ਸਾਲ ਦਾ ਮਤਲਬ ਪਾਰਟੀ ਕਰਨਾ ਅਤੇ ਉਸ ਪਾਰਟੀ ਵਿਚ ਜੰਮ ਕੇ ਸ਼ਰਾਬ ਪੀਣਾ ਹੁੰਦਾ ਹੈ। ਬਾਕੀ ਦੇਸ਼ਾਂ ਦੀ ਤਰ੍ਹਾਂ ਨਿਊਜ਼ੀਲੈਂਡ ਦੀ ਸਰਕਾਰ ਨੇ ਵੀ ਸ਼ਰਾਬ 'ਤੇ ਪਾਬੰਦੀ ਲਗਾਈ ਹੋਈ ਹੈ। ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਨਿਊਜ਼ੀਲੈਂਡ ਦੇ ਕੁਝ ਨੌਜਵਾਨਾਂ ਨੇ ਇਸ ਸਮੱਸਿਆ ਦਾ ਦਿਲਚਸਪ ਤੋੜ ਕੱਢਿਆ। ਨਿਊਜ਼ੀਲੈਂਡ ਦੇ ਕੋਰੋਮੰਡਲ ਪ੍ਰਾਇਦੀਪ ਵਿਚ ਨਵੇਂ ਸਾਲ ਦੌਰਾਨ ਜਨਤਕ ਥਾਵਾਂ 'ਤੇ ਸ਼ਰਾਬ ਪੀਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇੱਥੋਂ ਦੇ ਕੁਝ ਨੌਜਵਾਨਾਂ ਨੇ ਇਸ ਸਮੱਸਿਆ ਦਾ ਮਿਲ ਕੇ ਅਜਿਹਾ ਹੱਲ ਕੱਢਿਆ, ਜਿਸ ਨਾਲ ਨਵੇਂ ਸਾਲ ਦੀ ਪਾਰਟੀ ਵੀ ਹੋ ਗਈ ਅਤੇ ਕਾਨੂੰਨ ਵੀ ਨਹੀਂ ਟੁੱਟਿਆ। ਸ਼ਰਾਬ ਬੰਦੀ ਤੋਂ ਬਚਣ ਲਈ ਨੌਜਵਾਨਾਂ ਦੇ ਇਸ ਸਮੂਹ ਨੇ ਆਪਣਾ ਖੁਦ ਦਾ ਇਕ ਟਾਪੂ ਬਣਾਇਆ, ਜਿੱਥੇ ਉਹ ਆਪਣੀ ਇੱਛਾ ਮੁਤਾਬਕ ਸ਼ਰਾਬ ਪੀ ਸਕਦੇ ਸਨ। 
ਸੂਤਰਾਂ ਮੁਤਾਬਕ ਐਤਵਾਰ ਦੁਪਹਿਰ ਜਦੋਂ ਤਾਇਰੂਆ ਨਦੀ ਵਿਚ ਪਾਣੀ ਦਾ ਵਹਾਅ ਘੱਟ ਸੀ, ਉਦੋਂ ਨੌਜਵਾਨਾਂ ਦੇ ਇਸ ਸਮੂਹ ਨੇ ਮੁਹਾਨੇ 'ਤੇ ਰੇਤ ਦਾ ਇਕ ਟੀਲਾ ਬਣਾਇਆ। ਇਸ ਮਗਰੋਂ ਟਾਪੂ 'ਤੇ ਇਕ ਪਿਕਨਿਕ ਟੇਬਲ ਲਗਾਇਆ ਅਤੇ ਸ਼ਰਾਬ ਠੰਡੀ ਰੱਖਣ ਲਈ ਕੂਲਰ ਰੱਖਿਆ ਗਿਆ। ਇਸ ਤਰ੍ਹਾਂ ਇਹ ਸਾਰੇ ਦੋਸਤ 'ਅੰਤਰ ਰਾਸ਼ਟਰੀ ਪਾਣੀ' ਵਿਚ ਪਹੁੰਚ ਗਏ, ਜਿੱਥੇ ਕੋਰੋਮੰਡਲ ਦੀ ਸ਼ਰਾਬਬੰਦੀ ਲਾਗੂ ਨਹੀਂ ਹੁੰਦੀ ਸੀ।


ਦੋਸਤਾਂ ਦੇ ਇਸ ਸਮੂਹ ਨੇ ਪੂਰੀ ਰਾਤ ਆਪਣੇ ਟਾਪੂ 'ਤੇ ਸ਼ਰਾਬ ਪੀਂਦੇ ਹੋਈ ਗੁਜਾਰੀ ਅਤੇ ਆਤਿਸ਼ਬਾਜ਼ੀ ਦਾ ਨਜ਼ਾਰਾ ਦੇਖਦੇ ਹੋਏ ਨਵੇਂ ਸਾਲ ਦਾ ਸਵਾਗਤ ਕੀਤਾ। ਉਨ੍ਹਾਂ ਦਾ ਇਹ ਛੋਟਾ ਟਾਪੂ ਸੋਮਵਾਰ ਸਵੇਰ ਤੱਕ ਬਣਿਆ ਰਿਹਾ। ਸ਼ਰਾਬ 'ਤੇ ਲੱਗੀ ਪਾਬੰਦੀ ਦੀ ਉਲੰਘਣਾ ਕਰਨ 'ਤੇ ਗ੍ਰਿਫਤਾਰੀ ਜਾਂ 180 ਡਾਲਰ ਦਾ ਜੁਰਮਾਨਾ ਕੀਤੇ ਜਾਣ ਦਾ ਨਿਯਮ ਹੈ ਪਰ ਕੋਰੋਮੰਡਲ ਦੇ ਪ੍ਰਸ਼ਾਸਨ ਨੇ ਇਸ ਘਟਨਾ ਨੂੰ ਮਜ਼ਾਕ ਦੇ ਤੌਰ 'ਤੇ ਲਿਆ ਹੈ। ਸਥਾਨਕ ਪੁਲਸ ਕਮਾਂਡਰ ਇੰਸਪੈਕਟਰ ਜੌਨ ਕੈਲੀ ਨੇ ਕਿਹਾ,''ਇਹ ਇਕ ਰਚਨਾਤਮਕ ਸੋਚ ਸੀ।''