ਆਸਟ੍ਰੇਲੀਆ : ਦੋ ਵਿਅਕਤੀਆਂ ਦਾ ਕਤਲ ਕਰਨ ਵਾਲਾ ਦੋਸ਼ੀ ਕਰਾਰ

03/26/2019 3:17:58 PM

ਮੈਲਬੌਰਨ, (ਏਜੰਸੀ)— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਰਹਿਣ ਵਾਲੇ ਇਕ ਵਿਅਕਤੀ ਨੋਰਡਨ ਵੀਲੀਓ ਨੂੰ ਦੋ ਵਿਅਕਤੀਆਂ ਦਾ ਕਤਲ ਕਰਨ ਦੇ ਦੋਸ਼ 'ਚ ਹਿਰਾਸਤ 'ਚ ਲਿਆ ਗਿਆ ਹੈ। ਇਸ ਮਹੀਨੇ ਦੇ ਸ਼ੁਰੂ 'ਚ 23 ਸਾਲਾ ਨੋਰਡਨ ਨੇ ਅਲੀ ਅਲੀ ਨਾਂ ਦੇ 28 ਸਾਲਾ ਵਿਅਕਤੀ ਅਤੇ 40 ਸਾਲਾ ਡੈਨਿਜ਼ ਹਸਨ ਦਾ ਕਤਲ ਕਰ ਦਿੱਤਾ ਸੀ। 4 ਮਾਰਚ ਨੂੰ ਮੀਡੋਅ ਹਾਈਟਸ ਦੀ ਹੰਟਲੀ ਕੋਰਟ ਤੋਂ 40 ਸਾਲਾ ਵਿਅਕਤੀ ਅਤੇ 28 ਸਾਲਾ ਵਿਅਕਤੀ ਦੀ ਲਾਸ਼ ਮੌਰੀਸ ਕੋਰਟ ਕੋਲੋਂ ਮਿਲੀ ਸੀ।

ਸਪੈਸ਼ਲ ਆਪ੍ਰੇਸ਼ਨ ਗਰੁੱਪ ਦੇ ਮੈਂਬਰਾਂ ਨੇ ਅੱਜ ਸਵੇਰੇ ਹੀ ਵੀਲੀਓ ਨੂੰ ਹਿਰਾਸਤ 'ਚ ਲਿਆ ਅਤੇ ਉਸ 'ਤੇ ਦੋ ਕਤਲ ਕਰਨ ਦੇ ਦੋਸ਼ ਲੱਗੇ ਹਨ, ਇਸ ਦੇ ਨਾਲ ਹੀ ਉਸ 'ਤੇ ਠੱਗੀ ਕਰਨ ਦੇ ਦੋਸ਼ ਵੀ ਲੱਗੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਵਿਅਕਤੀ ਭੰਗ ਦੀ ਤਸਕਰੀ ਕਰਦਾ ਸੀ ਅਤੇ ਉਸ ਦੀ ਕੋਈ ਡੀਲ ਖਰਾਬ ਹੋ ਗਈ ਸੀ। ਉਸ ਨੇ ਹੇਜ਼ਨ ਨੂੰ ਮਾਰਨ ਦੇ ਭੁਲੇਖੇ ਅਲੀ ਦਾ ਕਤਲ ਕਰ ਦਿੱਤਾ। ਇਸ ਮਗਰੋਂ ਉਸ ਨੇ ਹੇਜ਼ਨ ਦਾ ਵੀ ਕਤਲ ਕਰ ਦਿੱਤਾ। ਉਸ ਨੂੰ ਜੁਲਾਈ ਮਹੀਨੇ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਅਧਿਕਾਰੀਆਂ ਨੇ ਦੋ ਹੋਰ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ 'ਤੇ ਫੜਿਆ ਸੀ ਅਤੇ ਬਾਅਦ 'ਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ। ਇਸ ਮਗਰੋਂ ਪੁਲਸ ਨੇ ਕੈਂਪਲਬੀਲੀਫੀਲਡ ਤੋਂ ਇਕ ਕਾਰ ਵੀ ਬਰਾਮਦ ਕਰ ਲਈ।