ਅਮਰੀਕਾ ਵਲੋਂ ਆ ਰਹੇ ''ਖਤਰੇ'' ਕਾਰਨ ਕੈਨੇਡਾ ਦੀ ਵਧੀ ਚਿੰਤਾ

11/12/2018 2:25:44 PM

ਬ੍ਰਿਟਿਸ਼ ਕੋਲੰਬੀਆ(ਏਜੰਸੀ)— ਅਮਰੀਕੀ ਸ਼ਹਿਰ ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ ਅੱਗ ਦਾ ਖਤਰਾ ਕੈਨੇਡਾ ਵੱਲ ਵਧ ਰਿਹਾ ਹੈ। ਇਸ ਜੰਗਲੀ ਅੱਗ ਦਾ ਨਾਂ 'ਕੈਂਪ ਫਾਇਰ' ਰੱਖਿਆ ਗਿਆ ਹੈ। ਅਮਰੀਕਾ 'ਚ ਢਾਈ ਲੱਖ ਤੋਂ ਵਧੇਰੇ ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਚਲੇ ਗਏ ਹਨ ਅਤੇ ਤਕਰੀਬਨ 29 ਲੋਕਾਂ ਦੀ ਇੱਥੇ ਮੌਤ ਹੋ ਚੁੱਕੀ ਹੈ। ਜੇਕਰ ਅੱਗ 'ਤੇ ਸਮੇਂ ਸਿਰ ਕਾਬੂ ਨਾ ਪਾਇਆ ਜਾ ਸਕਿਆ ਤਾਂ ਇਹ ਕੈਨੇਡਾ ਨੂੰ ਵੀ ਆਪਣੇ ਸ਼ਿਕੰਜੇ 'ਚ ਲੈ ਸਕਦੀ ਹੈ। ਇਸ ਖਤਰੇ ਕਾਰਨ ਕੈਨੇਡੀਅਨ ਵਾਸੀ ਚਿੰਤਾ 'ਚ ਹਨ।


ਬ੍ਰਿਟਿਸ਼ ਕੋਲੰਬੀਆ ਦੀ ਹਵਾ 'ਚ ਕੈਲੀਫੋਰਨੀਆ ਤੋਂ ਆ ਰਹੇ ਧੂੰਏਂ ਦਾ ਪ੍ਰਭਾਵ ਦੇਖਿਆ ਜਾ ਰਿਹਾ ਹੈ। ਏਅਰ ਕੁਆਲਿਟੀ ਚੈੱਕ ਕਰਨ ਵਾਲੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਥੇ ਅਜੇ ਹਵਾ 'ਚ ਧੂੰਆਂ ਬਹੁਤ ਘੱਟ ਮਾਤਰਾ 'ਚ ਹੈ ਪਰ ਜੇਕਰ ਇਸ 'ਚ ਵਾਧਾ ਹੋ ਗਿਆ ਤਾਂ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੈਲੀਫੋਰਨੀਆ ਤੋਂ ਗਾੜ੍ਹੇ ਧੂੰਏਂ ਦੇ ਗੁਬਾਰ ਉੱਡਦੇ ਨਜ਼ਰ ਆ ਰਹੇ ਹਨ ਅਤੇ ਸਾਹ ਦੀ ਬੀਮਾਰੀ ਨਾਲ ਪੀੜਤ ਲੋਕਾਂ ਨੂੰ ਇਸ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।
ਇਸ ਮਸਲੇ 'ਤੇ ਗੰਭੀਰਤਾ ਨਾਲ ਵਿਚਾਰ ਕਰਨ ਵਾਲੇ ਅਧਿਕਾਰੀਆਂ ਨੇ ਦੱਸਿਆ ਕਿ ਘੱਟ ਮੀਂਹ ਪੈਣ ਅਤੇ ਖੁਸ਼ਕ ਮੌਸਮ ਕਾਰਨ ਅੱਗ ਦੀਆਂ ਲਪਟਾਂ ਤੇਜ਼ੀ ਨਾਲ ਵਧ ਰਹੀਆਂ ਹਨ।