ਇੰਡੋਨੇਸ਼ੀਆ ਦੀ ਯੂਨੀਵਰਸਿਟੀ ਨੇ ਨਕਾਬ ਪਾਬੰਦੀ ਦਾ ਫੈਸਲਾ ਲਿਆ ਵਾਪਸ

03/12/2018 8:32:19 PM

ਜਕਾਰਤਾ— ਇੰਡੋਨੇਸ਼ੀਆ ਦੀ ਇਕ ਯੂਨੀਵਰਸਿਟੀ ਨੇ ਨਕਾਬ 'ਤੇ ਲਾਈ ਪਾਬੰਦੀ ਨੂੰ ਨਿੰਦਾ ਤੋਂ ਬਾਅਦ ਵਾਪਸ ਲੈ ਲਿਆ ਹੈ। ਯੂਨੀਵਰਸਿਟੀ ਦੇ ਨਕਾਬ 'ਤੇ ਰੋਕ ਦਾ ਫੈਸਲਾ ਗਲੋਬਲ ਮੀਡੀਆ 'ਤੇ ਛਾਅ ਗਿਆ ਸੀ। ਇੰਡੋਨੇਸ਼ੀਆ ਦੀ ਸੰਸਕ੍ਰਿਤਿਕ ਰਾਜਧਾਨੀ ਯੋਗਆਕਾਰਤਾ 'ਚ ਸੁਨਾਨ ਕਾਲੀਜਾਗਾ ਸਟੇਟ ਇਸਲਾਮਿਕ ਯੂਨੀਵਰਸਿਟੀ ਨੇ ਪਿਛਲੇ ਹਫਤੇ ਤਿੰਨ ਦਰਜਨ ਤੋਂ ਜ਼ਿਆਦਾ ਨਕਾਬ ਪਾਉਣ ਵਾਲੀਆਂ ਵਿਦਿਆਰਥਣਾਂ ਨੂੰ ਇਕ ਫਰਮਾਨ ਜਾਰੀ ਕੀਤਾ ਸੀ ਤੇ ਉਨ੍ਹਾਂ ਨੂੰ ਇਸ ਦਾ ਪਾਲਣ ਨਾ ਕਰਨ 'ਤੇ ਕੱਢੇ ਜਾਣ ਦਾ ਵੀ ਚਿਤਾਵਨੀ ਦਿੱਤੀ ਗਈ ਸੀ। 
ਯੂਨੀਵਰਸਿਟੀ 'ਚ ਕਰੀਬ 10,000 ਵਿਦਿਆਰਥੀ ਹਨ। ਉਸ ਨੇ ਉਦੋਂ ਕਿਹਾ ਸੀ ਕਿ ਨਕਾਬ ਨੂੰ ਪਾਬੰਧਿਤ ਕਰਨ ਦਾ ਫੈਸਲਾ ਦੁਨੀਆ ਦੀ ਸਭ ਤੋਂ ਵੱਡੀ ਮੁਸਲਿਮ ਆਬਾਦੀ ਵਾਲੇ ਦੇਸ਼ 'ਚ ਧਾਰਮਿਕ ਕੱਟੜਤਾ ਦਾ ਮੁਕਾਬਲਾ ਕਰਨ ਲਈ ਲਿਆ ਗਿਆ ਸੀ। ਹਾਲਾਂਕਿ ਹੁਣ ਇਹ ਸੰਦੇਸ਼ ਵਾਪਸ ਲੈ ਲਿਆ ਗਿਆ ਹੈ। ਵੀਕੈਂਡ 'ਚ ਯੂਨੀਵਰਸਿਟੀ ਨੇ ਇਕ ਬਿਆਨ 'ਚ ਕਿਹਾ ਕਿ ਚਿਹਰੇ ਨੂੰ ਢੱਕਣ ਵਾਲਾ ਨਕਾਬ ਪਹਿਨਣ ਵਾਲੀਆਂ ਵਿਦਿਆਰਥਣਾਂ ਦੇ ਸਬੰਧ 'ਚ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਨੂੰ ਵਿਦਿਅਕ ਮਾਹੌਲ ਬਣਾਈ ਰੱਖਣ ਲਈ ਵਾਪਸ ਲੈ ਲਿਆ ਗਿਆ ਹੈ।