'ਰਹਿੰਦੀ ਦੁਨੀਆ ਤੱਕ ਅਲੀਸ਼ੇਰ ਰਹੇਗਾ ਤੇਰਾ ਨਾਂ, ਤੇਰੇ ਤੋਂ ਬਿਨਾਂ ਔਖੀ ਹਰ ਇਕ ਘੜੀ'

10/27/2017 2:54:09 PM

ਬ੍ਰਿਸਬੇਨ — ਜਵਾਨ ਪੁੱਤ ਨੂੰ ਗੁਆ ਦੇਣ ਦਾ ਦੁੱਖ ਕੀ ਹੁੰਦਾ ਹੈ, ਇਹ ਤਾਂ ਬਸ ਉਹ ਮਾਪੇ ਹੀ ਜਾਣਦੇ ਹਨ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਮਨਮੀਤ ਅਲੀਸ਼ੇਰ ਬੀਤੇ ਸਾਲ 28 ਅਕਤੂਬਰ 2016 ਨੂੰ ਆਸਟ੍ਰੇਲੀਆ 'ਚ ਬੀਤੇ ਸਾਲ ਅਕਤੂਬਰ ਮਹੀਨੇ ਇੱਕ ਦਰਦਨਾਕ ਹਾਦਸੇ ਦਾ ਸ਼ਿਕਾਰ ਹੋਏ ਭਾਰਤੀ ਬੱਸ ਚਾਲਕ ਮਰਹੂਮ ਮਨਮੀਤ ਸ਼ਰਮਾ ਅਲੀਸ਼ੇਰ ਦੀ ਪਹਿਲੀ ਬਰਸੀ ਦੇ ਧਾਰਮਿਕ ਸਮਾਗਮ ਸਬੰਧੀ ਪਰਿਵਾਰਕ ਮੈਂਬਰ ਵਿਸੇਸ਼ ਤੌਰ ਉੱਤੇ ਪੰਜਾਬ ਤੋਂ ਬ੍ਰਿਸਬੇਨ ਵਿਖੇ ਆਏ ਹੋਏ ਹਨ। ਮਰਹੂਮ ਮਨਮੀਤ ਅਲੀਸ਼ੇਰ ਦੇ ਪਿਤਾ ਰਾਮ ਸਰੂਮ, ਮਾਤਾ ਕ੍ਰਿਸ਼ਨਾ ਦੇਵੀ, ਦੋਵੇ ਭੈਣਾਂ, ਭਰਾ ਅਮਿਤ ਸ਼ਰਮਾ ਤੇ ਵਿਨਰਜੀਤ ਸਿੰਘ ਗੋਲਡੀ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਸਿੱਖ ਟੈਂਪਲ ਇਨਾਲਾ ਬ੍ਰਿਸਬੇਨ ਵਿਖੇ 28 ਅਕਤੂਬਰ ਦਿਨ ਸ਼ਨੀਵਾਰ ਨੂੰ ਮਨਮੀਤ ਅਲੀਸ਼ੇਰ ਦੀ ਪਹਿਲੀ ਬਰਸੀ ਸਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੇ ਸ੍ਰੀ ਅਖੰਠ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਵਿੱਚ ਸੰਤ ਪਿਆਰਾ ਸਿੰਘ ਸਿਰਥਲਾ ਵਾਲੇ ਦੇ ਜੱਥੇ ਵਲੋਂ ਗੁਰਬਾਣੀ ਦਾ ਕੀਰਤਨ ਤੇ ਕਥਾ ਵਿਚਾਰ ਕੀਤੀ ਜਾਵੇਗੀ।
ਤੁਹਾਨੂੰ ਦੱਸ ਦਈਏ ਕਿ ਮਨਮੀਤ ਬ੍ਰਿਸਬੇਨ 'ਚ ਸਿਟੀ ਕੌਂਸਲ ਦੀ ਬੱਸ ਦਾ ਡਰਾਈਵਰ ਸੀ ਤੇ ਹਰਮਨਪਿਆਰਾ ਗਾਇਕ ਵੀ ਸੀ। ਮਨਮੀਤ ਨੂੰ ਬ੍ਰਿਸਬੇਨ 'ਚ ਇਕ 48 ਸਾਲਾ ਗੋਰੇ ਵਲੋਂ ਜਲਣਸ਼ੀਲ ਪਦਾਰਥ ਸੁੱਟ ਕੇ ਸਾੜ ਦਿੱਤਾ ਸੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਇਸ ਗੋਰੇ ਦਾ ਨਾਂ ਐਂਥਨੀ ਹੈ। ਮਨਮੀਤ ਦਾ ਪਰਿਵਾਰ ਇਨਸਾਫ ਲਈ ਲੜ ਰਿਹਾ ਹੈ।
ਇਸ ਮੌਕੇ ਕੁਈਨਜ਼ਲੈਂਡ ਸੂਬੇ ਤੇ ਸੰਘੀ ਸਰਕਾਰ ਦੇ ਰਾਜਨੀਤਕ ਆਗੂ, ਧਾਰਮਿਕ, ਸਾਹਿਤਕ ਤੇ ਹੋਰ ਵੀ ਵੱਖ-ਵੱਖ ਭਾਈਚਾਰਿਆਂ ਵਲੋਂ ਸ਼ਮੂਲੀਅਤ ਕੀਤੀ ਜਾਵੇਗੀ।ਉਸੇ ਦਿਨ ਦੁਪਿਹਰ 2 ਵਜੇ ਲਾਰਡ ਮੇਅਰ ਬ੍ਰਿਸਬੇਨ, ਕੌਂਸਲ ਦੀ ਚੇਅਰਮੈਨ ਏਂਜਲਾ ਓਵਨ ਤੇ ਹੋਰ ਵੀ ਪ੍ਰਮੁੱਖ ਆਗੂ ਸਾਝੇ ਤੋਰ ਤੇ ਪਤਵੰਤਿਆਂ ਦੀ ਹਾਜ਼ਰੀ ਵਿੱਚ ਮਨਮੀਤ ਸ਼ਰਮਾ ਦੀ ਨਿੱਘੀ ਯਾਦ ਨੂੰ ਸਦੀਵੀ ਬਣਾਉਣ ਲਈ ਸ਼ਹਿਰ ਮਾਰੂਕਾ ਵਿਖੇ ਘਟਨਾ ਸਥਾਨ ਦੇ ਨੇੜੇ ਵਾਲੀ ਲਕਸਵਰਥ ਪਲੇਸ ਪਾਰਕ ਮਰਹੂਮ ਮਨਮੀਤ ਸ਼ਰਮਾ ਨੂੰ ਸਮਰਪਿਤ ਕਰਕੇ ਲੋਕ ਅਰਪਣ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਮਨਮੀਤ ਅਲੀਸ਼ੇਰ ਪੰਜਾਬ ਦੇ ਸੰਗਰੂਰ ਦਾ ਰਹਿਣ ਵਾਲਾ ਸੀ। ਮਨਮੀਤ ਦਾ ਭਰਾ ਅਮਿਤ ਅਲੀਸ਼ੇਰ ਅਤੇ ਪਰਿਵਾਰ ਦੇ ਹੋਰ ਮੈਂਬਰ ਬ੍ਰਿਸਬੇਨ 'ਚ ਕੱਲ ਭਾਵ ਬੁੱਧਵਾਰ ਨੂੰ ਪੁੱਜ ਗਏ ਹਨ।
ਬ੍ਰਿਸਬੇਨ ਸਿਟੀ ਕੌਂਸਲ ਵਲੋਂ ਮਨਮੀਤ ਦੀ ਯਾਦ 'ਚ ਬ੍ਰਿਸਬੇਨ 'ਚ 'ਮਨਮੀਤ ਪੈਰਾਡਾਈਸ' ਪਾਰਕ ਦਾ ਨਾਂ ਰੱਖਿਆ ਜਾਵੇਗਾ, ਜਿਸ 'ਚ ਮਨਮੀਤ ਦਾ ਬੁੱਤ ਵੀ ਲਾਇਆ ਜਾਵੇਗਾ ਅਤੇ ਉਸ ਸਾਰੀ ਕਹਾਣੀ ਨੂੰ ਲਿਖਿਆ ਜਾਵੇਗਾ। ਪਰਿਵਾਰ ਦੀ ਮੌਜੂਦਗੀ 'ਚ ਮਨਮੀਤ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ ਜਾਵੇਗੀ। ਮਨਮੀਤ ਦੇ ਪਰਿਵਾਰ ਨੇ ਆਸਟ੍ਰੇਲੀਆ 'ਚ ਰਹਿੰਦੇ ਭਾਰਤੀ ਭਾਈਚਾਰੇ ਅਤੇ ਹਰ ਇਕ ਦਾ ਬਹੁਤ ਧੰਨਵਾਦ ਕੀਤਾ ਹੈ। ਮਨਮੀਤ ਦਾ ਪਰਿਵਾਰ ਕੁਈਨਜ਼ਲੈਂਡ ਸਿਹਤ ਮੰਤਰੀ ਨੂੰ ਵੀ ਮਿਲੇਗਾ ਤਾਂ ਕਿ ਇਸ ਕੇਸ ਨੂੰ ਲੜਿਆ ਜਾ ਸਕੇ। ਭਰਾ ਅਮਿਤ ਨੇ ਦੱਸਿਆ ਕਿ ਮਨਮੀਤ ਨੂੰ ਭੁਲਾਉਣਾ ਬਹੁਤ ਔਖਾ ਹੈ, ਸਾਨੂੰ ਅੱਜ ਵੀ ਯਕੀਨ ਨਹੀਂ ਹੁੰਦਾ ਹੈ ਕਿ ਉਹ ਸਾਡੇ ਵਿਚ ਨਹੀਂ ਹੈ। ਉਸ ਦੀਆਂ ਯਾਦਾਂ, ਉਸ ਦੇ ਗਾਏ ਗੀਤ ਹਮੇਸ਼ਾ ਸਾਡੇ ਦਿਲਾਂ 'ਚ ਰਹਿਣਗੇ। ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵੇਗਾ ਮਨਮੀਤ ਦਾ ਨਾਂ।