ਮਾਨਚੈਸਟਰ: ਪੁਲਸ ਵੱਲੋਂ ਕਾਰ ਦਾ ਪਿੱਛਾ ਕਰਦਿਆਂ ਵਾਪਰਿਆ ਹਾਦਸਾ, ਨੌਜਵਾਨ ਦੀ ਮੌਤ

04/10/2021 5:22:56 PM

ਗਲਾਸਗੋ/ਮਾਨਚੈਸਟਰ (ਮਨਦੀਪ ਖੁਰਮੀ ਹਿੰਮਤਪੁਰਾ)- ਮਾਨਚੈਸਟਰ ਵਿਚ ਪੁਲਸ ਵੱਲੋਂ ਇਕ ਕਾਰ ਦਾ ਪਿੱਛਾ ਕਰਨ ਸਮੇਂ ਇਕ ਟੈਕਸੀ ਨਾਲ ਉਸ ਕਾਰ ਦੇ ਟਕਰਾਉਣ ਤੋਂ ਬਾਅਦ ਇਕ 17 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਇਸ ਹਾਦਸੇ ਸਬੰਧੀ ਗ੍ਰੇਟਰ ਮਾਨਚੈਸਟਰ ਪੁਲਸ ਨੇ ਦੱਸਿਆ ਕਿ ਕਾਰ ਨੇ ਲਾਲ ਬੱਤੀ ਦੀ ਉਲੰਘਣਾ ਕੀਤੀ ਅਤੇ ਡਰਾਈਵਰ ਵੱਲੋਂ ਕਾਰ ਨਾ ਰੋਕਣ 'ਤੇ ਅਧਿਕਾਰੀਆਂ ਵੱਲੋਂ ਫੋਰਡ ਫੋਕਸ ਕਾਰ ਦਾ ਪਿੱਛਾ ਕੀਤਾ ਗਿਆ। ਇਸ ਉਪਰੰਤ ਇਹ ਕਾਰ ਮਾਨਚੈਸਟਰ ਦੇ ਚੋਰਲਟਨ ਵਿਚ ਇਕ ਟੈਕਸੀ ਨਾਲ ਟਕਰਾ ਗਈ। ਇਸ ਟੱਕਰ ਕਾਰਨ ਫਾਇਰ ਵਿਭਾਗ ਦੇ ਅਮਲੇ ਵੱਲੋਂ ਤਿੰਨ ਲੋਕਾਂ ਨੂੰ ਕਾਰਾਂ ਵਿੱਚੋਂ ਕੱਢਣ ਲਈ ਕਟਰ ਦੀ ਵਰਤੋਂ ਕਰਨੀ ਪਈ।

ਇਸ ਹਾਦਸੇ ਕਾਰਨ ਟੈਕਸੀ ਵਿਚਲੇ ਦੋ ਯਾਤਰੀਆਂ, ਜਿਹਨਾਂ ਵਿਚ ਇਕ 17 ਸਾਲਾ ਅਤੇ ਇਕ 18 ਸਾਲਾ ਨੌਜਵਾਨ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਇਸ ਸਬੰਧੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੰਗਲਵਾਰ ਨੂੰ 17 ਸਾਲਾ ਬੱਚੇ ਦੀ ਮੌਤ ਹੋ ਗਈ, ਜਦਕਿ 18 ਸਾਲਾ ਨੌਜਵਾਨ ਅਜੇ ਵੀ ਗੰਭੀਰ ਰੂਪ ਵਿਚ ਹਸਪਤਾਲ ਵਿਚ ਹੈ। ਇਸ ਹਾਦਸੇ ਸਬੰਧੀ ਇਕ 19 ਸਾਲਾ ਨੌਜਵਾਨ ਨੂੰ ਖ਼ਤਰਨਾਕ ਡਰਾਈਵਿੰਗ ਕਰਕੇ ਗੰਭੀਰ ਜ਼ਖ਼ਮੀ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਅਗਲੀ ਜਾਂਚ ਲਈ ਉਸ ਨੂੰ ਰਿਹਾਅ ਕੀਤਾ ਗਿਆ ਹੈ। ਮਾਨਚੈਸਟਰ ਪੁਲਸ ਨੇ ਕੇਸ ਨੂੰ ਸੁਤੰਤਰ ਦਫ਼ਤਰ ਫਾਰ ਪੁਲਸ ਕੰਡਕਟ (ਆਈ ਓ ਪੀ ਸੀ) ਕੋਲ ਭੇਜਿਆ ਹੈ, ਜੋ ਹਾਦਸੇ ਦੇ ਹਾਲਤਾਂ ਦੀ ਪੜਤਾਲ ਕਰੇਗੀ।
 

cherry

This news is Content Editor cherry