ਪੱਬ ''ਚ ਕੁੰਡੀਆਂ ਦੇ ਫਸ ਗਏ ਸਿੰਗ, ਚਾਕੂ ਨਾਲ ਨੌਜਵਾਨ ਨੂੰ ਕੀਤਾ ਲਹੂ-ਲੁਹਾਨ

08/27/2017 3:17:00 PM


ਗੋਲਡ ਕੋਸਟ— ਐਤਵਾਰ ਨੂੰ ਆਸਟ੍ਰੇਲੀਆ ਦੇ ਗੋਲਡ ਕੋਸਟ ਦੇ ਇਕ ਮਸ਼ਹੂਰ ਪੱਬ 'ਚ ਬਾਕਸਿੰਗ ਮੈਚ ਦੇਖ ਰਹੇ ਕੁਝ ਨੌਜਵਾਨਾਂ 'ਚ ਝਗੜਾ ਹੋ ਗਿਆ। ਝਗੜੇ ਦੌਰਾਨ ਇਕ ਨੌਜਵਾਨ ਨੇ ਚਾਕੂ ਨਾਲ ਦੂਜੇ ਨੌਜਵਾਨ ਨੂੰ ਲਹੂ-ਲੁਹਾਨ ਕਰ ਦਿੱਤਾ। ਐਂਬੂਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਲੜਾਈ ਕਰ ਰਹੇ ਨੌਜਵਾਨਾਂ ਦੇ ਝੁੰਡ ਨੂੰ ਪੁਲਸ ਨੇ ਬਹੁਤ ਮੁਸ਼ਕਲ ਨਾਲ ਹਟਾਇਆ। ਪੁਲਸ ਨੇ ਦੱਸਿਆ ਕਿ ਇਕ 24 ਸਾਲਾ ਨੌਜਵਾਨ ਨੇ ਚਾਕੂ ਕੱਢਿਆ ਅਤੇ 29 ਸਾਲਾ ਨੌਜਵਾਨ ਦੀ ਗਰਦਨ 'ਤੇ ਵਾਰ ਕੀਤਾ, ਇਹ ਸਭ ਦੇਖ ਕੇ ਨੇੜੇ ਦੇ ਲੋਕ ਇਕੱਠੇ ਹੋ ਗਏ। 
ਇਸ ਲੜਾਈ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਹੈ, ਜਿਸ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਨੌਜਵਾਨ ਇਕ-ਦੂਜੇ 'ਤੇ ਲੱਤਾਂ-ਘੁਸੰਨ ਨਾਲ ਵਾਰ ਕਰ ਰਹੇ ਹਨ। ਵੀਡੀਓ ਵਿਚ ਇਹ ਵੀ ਦਿਖਾਇਆ ਗਿਆ ਹੈ ਕਿ ਉਥੇ ਮੌਜੂਦ ਹੋਰ ਲੋਕ ਇਸ ਲੜਾਈ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। 
ਓਧਰ ਗੰਭੀਰ ਰੂਪ ਨਾਲ ਜ਼ਖਮੀ ਹੋਏ ਵਿਅਕਤੀ ਨੂੰ ਗੋਲਡ ਕੋਸਟ ਯੂਨੀਵਰਸਿਟੀ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਇਕ ਹੋਰ 23 ਸਾਲਾ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਸ ਦੇ ਝਗੜੇ ਦੌਰਾਨ ਸਿਰ 'ਤੇ ਸੱਟਾਂ ਲੱਗੀਆਂ ਹਨ। ਇਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਪੱਬ ਬਾਕਸਿੰਗ ਮੈਚ ਦੇਖਣ ਵਾਲੇ ਪ੍ਰਸ਼ੰਸਕਾਂ ਨਾਲ ਭਰਿਆ ਹੋਇਆ ਸੀ ਅਤੇ ਇਸ ਦੌਰਾਨ ਨੌਜਵਾਨਾਂ ਵਿਚਕਾਰ ਝਗੜਾ ਹੋ ਗਿਆ। ਪੁਲਸ ਨੇ ਹਮਲਾ ਕਰਨ ਵਾਲੇ 24 ਸਾਲਾ ਨੌਜਵਾਨ ਨੂੰ ਘਟਨਾ ਵਾਲੀ ਥਾਂ ਤੋਂ ਗ੍ਰਿਫਤਾਰ ਕਰ ਲਿਆ ਹੈ ਅਤੇ ਇਸ ਮਾਮਲੇ ਦੇ ਸੰਬੰਧ ਦੀ ਜਾਂਚ ਕੀਤੀ ਜਾ ਰਹੀ ਹੈ।