ਆਸਟ੍ਰੇਲੀਆ 'ਚ ਗੋਲੀਬਾਰੀ ਲਈ ਹਥਿਆਰ ਦੀ ਸਪਲਾਈ ਕਰਨ ਵਾਲੇ ਨੂੰ 44 ਸਾਲ ਦੀ ਜੇਲ

03/01/2018 1:57:30 PM

ਸਿਡਨੀ— ਆਸਟ੍ਰੇਲੀਆ 'ਚ ਹਥਿਆਰ (ਬੰਦੂਕ) ਦੀ ਸਪਲਾਈ ਕਰਨ ਵਾਲੇ ਇਕ 20 ਸਾਲਾ ਵਿਅਕਤੀ ਨੂੰ 44 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਉਕਤ ਵਿਅਕਤੀ ਦਾ ਨਾਂ ਰਬਾਨ ਅੱਲੂ ਹੈ, ਜੋ ਕਿ ਇਸਲਾਮਿਕ ਸਟੇਟ ਨਾਲ ਸੰਬੰਧ ਰੱਖਦਾ ਹੈ। ਰਬਾਨ ਅੱਲੂ ਨੇ 2015 'ਚ ਸਿਡਨੀ 'ਚ ਇਕ 15 ਸਾਲਾ ਫਰਹਦ ਮੁਹੰਮਦ ਨੂੰ ਹਥਿਆਰ ਮੁਹੱਈਆ ਕਰਵਾਇਆ ਸੀ। ਅੱਲੂ ਨੂੰ ਫਰਹਦ ਨੂੰ ਮਦਦ ਦੇਣ, ਉਤਸ਼ਾਹਿਤ ਕਰਨ, ਹਥਿਆਰ ਖਰੀਦਣ ਕੇ ਦੇਣ ਦਾ ਦੋਸ਼ੀ ਠਹਿਰਾਇਆ। ਅੱਲੂ ਨੇ ਨਾਬਾਲਗ ਫਰਹਦ ਨੂੰ ਅੱਤਵਾਦੀ ਹਮਲੇ ਦੀ ਯੋਜਨਾ 'ਚ ਸ਼ਾਮਲ ਕੀਤਾ ਸੀ, ਜੋ ਉਹ ਚਾਹੁੰਦਾ ਸੀ।

ਓਧਰ ਨਿਊ ਸਾਊਥ ਵੇਲਜ਼ ਦੀ ਸੁਪਰੀਮ ਕੋਰਟ ਦੇ ਜੱਜ ਜੌਨਸਨ ਨੇ ਕਿਹਾ ਕਿ ਅੱਲੂ ਨੂੰ ਮਨੁੱਖਤਾ ਦਾ ਘਾਣ ਕਰਨ ਅਤੇ ਚੇਂਗ ਦੇ ਪਰਿਵਾਰ ਨੂੰ ਡੂੰਘਾ ਦੁੱਖ ਪਹੁੰਚਾਉਣ ਕਰ ਕੇ 44 ਸਾਲ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ ਮੁਆਫੀ ਨਹੀਂ ਦਿੱਤੀ ਜਾਵੇਗੀ, ਕਿਉਂਕਿ ਉਸ ਨੇ ਬਹੁਤ ਖਤਰਨਾਕ ਕੰਮ ਕੀਤਾ। ਜਿਸ ਸਮੇਂ ਅੱਲੂ ਨੂੰ ਸਜ਼ਾ ਸੁਣਾਈ ਗਈ, ਉਸ ਸਮੇਂ ਚੇਂਗ ਦਾ ਪਰਿਵਾਰ ਉੱਥੇ ਮੌਜੂਦ ਸੀ ਅਤੇ ਉਨ੍ਹਾਂ ਨੇ ਅੱਲੂ ਨੂੰ ਦਿੱਤੀ ਗਈ ਇਸ ਸਜ਼ਾ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਸੀ। 
ਫਰਹਦ ਨੇ ਇੰਝ ਦਿੱਤਾ ਸੀ ਗੋਲੀਬਾਰੀ ਦੀ ਘਟਨਾ ਨੂੰ ਅੰਜ਼ਾਮ
ਫਰਹਦ ਨੇ ਰਬਾਨ ਤੋਂ ਲਏ ਗਏ ਹਥਿਆਰ ਨਾਲ 2015 'ਚ ਨਿਊ ਸਾਊਥ ਵੇਲਜ਼ ਪੁਲਸ ਹੈੱਡਕੁਆਰਟਰ 'ਚ ਗੋਲੀਬਾਰੀ ਕੀਤੀ ਸੀ, ਜਿਸ 'ਚ ਆਸਟ੍ਰੇਲੀਅਨ ਪੁਲਸ ਦਾ ਕਰਮਚਾਰੀ ਕਰਿਟਸ ਚੇਂਗ ਦੀ ਮੌਤ ਹੋ ਗਈ ਸੀ। ਫਰਹਦ ਨੇ ਚੇਂਗ ਦੀ ਹੱਤਿਆ ਕਰਨ ਤੋਂ ਇਕ ਦਿਨ ਪਹਿਲਾਂ ਅੱਲੂ ਨਾਲ ਇਕ ਸਮਜਿਦ 'ਚ 3 ਘੰਟੇ ਇਕੱਠਾ ਸਮਾਂ ਬਤੀਤ ਕੀਤਾ ਸੀ, ਜਿੱਥੇ ਉਸ ਨੇ ਫਰਹਦ ਨੂੰ ਬੰਦੂਕ ਦਿੱਤੀ ਸੀ। ਇਸ ਤੋਂ ਅਗਲੇ ਦਿਨ ਫਰਹਦ ਨੇ ਪੁਲਸ ਹੈੱਡਕੁਆਰਟਰ 'ਚ ਗੋਲੀਬਾਰੀ ਕੀਤੀ। ਉਸ ਨੇ ਚੇਂਗ ਦੀ ਪਿੱਠ 'ਤੇ ਗੋਲੀ ਮਾਰੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਗੋਲੀਬਾਰੀ ਕਰਨ ਤੋਂ ਬਾਅਦ ਉਹ 'ਅੱਲ੍ਹਾ-ਹੂ-ਅਕਬਰ' ਕਹਿ ਕੇ ਚੀਕਿਆਂ ਅਤੇ ਜਿਸ ਤੋਂ ਬਾਅਦ ਦੋ ਸੀਨੀਅਰ ਪੁਲਸ ਕਾਂਸਟੇਬਲ ਅਲਰਟ ਹੋ ਗਏ ਅਤੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ।

ਇਸ ਗੋਲੀਬਾਰੀ ਤੋਂ ਬਾਅਦ ਉਸ ਦੀ ਜੇਬ 'ਚੋਂ ਇਕ ਸੁਸਾਈਡ ਨੋਟ ਮਿਲਿਆ ਸੀ, ਜਿਸ 'ਤੇ ਲਿਖਿਆ ਸੀ ਕਿ ਅੱਲ੍ਹਾ ਦੀ ਮਰਜ਼ੀ ਸੀ, ਅੱਜ ਮੈਂ ਤੁਹਾਡੇ ਦਿਲਾਂ ਵਿਚ ਦਹਿਸ਼ਤ ਪੈਦਾ ਕਰਨ ਲਈ ਆਇਆ ਹਾਂ।