ਸੁਆਦ-ਸੁਆਦ ''ਚ ਖਾਧਾ ਸੀ ਬਰਗਰ ਪਰ ਵਿਚੋਂ ਨਿਕਲਿਆ ਮਰਿਆ ਚੂਹਾ

01/27/2018 11:51:34 AM

ਪਰਥ— ਕਈ ਵਾਰ ਅਸੀਂ ਘਰ ਦੇ ਖਾਣੇ ਨੂੰ ਪਰ੍ਹੇ ਕਰ ਫਾਸਟ ਫੂਡ ਖਾਣ ਦਾ ਮਨ ਬਣਾਉਂਦੇ ਹਾਂ ਅਤੇ ਸੋਚਦੇ ਹਾਂ ਕਿ ਅੱਜ ਕੁਝ ਯਮੀ ਜਿਹਾ ਖਾਧਾ ਜਾਵੇ। ਪਰ ਇਸ ਗੱਲ ਦੀ ਕੋਈ ਗਰੰਟੀ ਨਹੀਂ ਕਿ ਜੋ ਤੁਸੀਂ ਖਰੀਦ ਕੇ ਖਾ ਰਹੇ ਹੋ, ਉਹ ਸਾਫ-ਸੁਥਰਾ ਹੋਵੇ। ਅਸੀਂ ਇਹ ਗੱਲ ਇਸ ਲਈ ਕਰ ਰਹੇ ਹਾਂ ਕਿਉਂਕਿ ਅਕਸਰ ਹੋਟਲਾਂ ਜਾਂ ਰੈਸਟੋਰੈਂਟਾਂ 'ਚੋਂ ਖਰੀਦਿਆ ਜਾਣ ਵਾਲਾ ਫਾਸਟ ਫੂਡ ਘੱਟ ਸਾਫ ਹੁੰਦਾ ਹੈ ਅਤੇ ਜਿਸ ਦੀ ਗਾਹਕ ਸ਼ਿਕਾਇਤ ਵੀ ਕਰਦੇ ਹਨ। ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ 'ਚ ਇਕ ਵਿਅਕਤੀ ਨਾਲ ਕੁਝ ਅਜਿਹਾ ਹੀ ਹੈਰਾਨ ਕਰ ਦੇਣ ਵਾਲੀ ਘਟਨਾ ਵਾਪਰੀ। ਇਸ ਘਟਨਾ ਤੋਂ ਬਾਅਦ ਉਹ ਸ਼ਾਇਦ ਅੱਜ ਤੋਂ ਬਾਅਦ ਫਾਸਟ ਫੂਡ ਖਾਣ ਬਾਰੇ ਸੋਚੇਗਾ ਵੀ ਨਹੀਂ। ਪਰਥ ਦਾ ਰਹਿਣ ਵਾਲਾ ਬਰੂਸ ਬਲੈਕਬਰਨ ਨਾਂ ਦਾ ਵਿਅਕਤੀ ਉਸ ਸਮੇਂ ਹੈਰਾਨ ਰਹਿ ਗਿਆ, ਜਦੋਂ ਉਸ ਨੇ ਪਰਥ ਦੇ ਇਕ ਹੋਟਲ ਤੋਂ ਬਰਗਰ ਖਰੀਦਿਆ ਤਾਂ ਉਸ 'ਚੋਂ ਮਰਿਆ ਹੋਇਆ ਚੂਹਾ ਨਿਕਲਿਆ। ਬਰੂਸ ਨੇ ਦਾਅਵਾ ਕੀਤਾ ਕਿ ਅਜੇ ਉਸ ਨੇ ਬਰਗਰ ਦਾ ਕੁਝ ਹਿੱਸਾ ਹੀ ਖਾਧਾ ਹੀ ਸੀ ਕਿ ਉਸ ਨੂੰ ਅਹਿਸਾਸ ਹੋਇਆ ਕਿ ਕੁਝ ਗਲਤ ਖਾ ਰਿਹਾ ਹਾਂ। ਉਸ ਨੂੰ ਅਹਿਸਾਸ ਹੋਇਆ ਕਿ ਜਿਵੇਂ ਮੀਟ ਦਾ ਕੁਝ ਹਿੱਸਾ ਹੈ, ਜਦੋਂ ਉਸ ਨੇ ਦੇਖਿਆ ਤਾਂ ਉਸ 'ਚ ਮਰਿਆ ਚੂਹਾ ਸੀ। ਉਸ ਨੇ ਕਿਹਾ ਕਿ ਉਸ ਨੇ ਹੋਟਲ ਨੂੰ ਇਸ ਬਾਰੇ ਸ਼ਕਾਇਤ ਕੀਤੀ ਤਾਂ ਉਸ ਨੂੰ ਪੈਸੇ ਤਾਂ ਵਾਪਸ ਮਿਲ ਗਏ ਪਰ ਹੋਟਲ ਦੇ ਸਟਾਫ ਮੈਂਬਰਾਂ ਨੇ ਉਸ ਤੋਂ ਮੁਆਫ਼ੀ ਨਹੀਂ ਮੰਗੀ।
ਬਰੂਸ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਰਿਪੋਰਟ ਪੱਛਮੀ ਆਸਟ੍ਰੇਲੀਆ ਦੇ ਸਿਹਤ ਵਿਭਾਗ ਨੂੰ ਕਰਨਗੇ। ਇਸ ਬਰਗਰ ਦੀਆਂ ਤਸਵੀਰਾਂ ਬਰੂਸ ਨੇ ਫੇਸਬੁੱਕ 'ਤੇ ਸਾਂਝੀਆਂ ਕੀਤੀਆਂ ਹਨ। ਉਸ ਨੇ ਫੇਸਬੁੱਕ 'ਤੇ ਸਿਹਤ ਵਿਭਾਗ ਨੂੰ ਇਸ ਮਾਮਲੇ ਬਾਰੇ ਲਿਖਿਆ ਹੈ। ਬਰੂਸ ਦੀ ਇਸ ਪੋਸਟ 'ਤੇ ਹਜ਼ਾਰਾਂ ਲੋਕਾਂ ਵਲੋਂ ਕੁਮੈਂਟ ਕੀਤੇ ਗਏ ਅਤੇ ਸ਼ੇਅਰ ਕੀਤੀ ਗਈ। ਕੁਝ ਫੇਸਬੁੱਕ ਯੂਜ਼ਰਸ ਨੇ ਇਸ ਨੂੰ ਬੇਇੱਜ਼ਤੀ ਦੱਸਿਆ ਅਤੇ ਕਿਹਾ ਕਿ ਹੋਟਲ ਨੂੰ ਇਸ ਬਾਰੇ ਮੁਆਫ਼ੀ ਮੰਗਣੀ ਚਾਹੀਦੀ ਸੀ। ਇਕ ਯੂਜ਼ਰ ਨੇ ਲਿਖਿਆ, ''ਇਸ ਤਰ੍ਹਾਂ ਨਹੀਂ ਹੋ ਸਕਦਾ।''