ਤੈਸ਼ ਵਿਚ ਆਏ ਵਿਅਕਤੀ ਨੇ ਨਵੀਂ ਕਾਰ ਦੀ ਕੀਤੀ ਭੰਨਤੋੜ, ਕਾਰ ਮਾਲਕ ਬਣਾਉਂਦਾ ਰਿਹਾ ਵੀਡੀਓ

04/26/2018 4:10:05 PM

ਨਿਊਯਾਰਕ (ਏਜੰਸੀ)- ਨਿਊਯਾਰਕ ਵਿਚ ਸੜਕ ਉੱਤੇ ਪਿਛਲੇ ਹਫਤੇ ਇਕ ਵਿਅਕਤੀ ਨੇ ਨਵੀਂ ਕਾਰ ਉੱਤੇ ਬੇਸਬੈਟ ਨਾਲ ਹਮਲਾ ਕਰ ਦਿੱਤਾ ਅਤੇ ਕਾਰ ਦੀ ਬੁਰੀ ਤਰ੍ਹਾਂ ਤੋੜਭੰਨ ਕਰ ਦਿੱਤੀ। ਇਸ ਵਾਰਦਾਤ ਦੌਰਾਨ ਵਿਅਕਤੀ ਕੈਮਰੇ ਵਿਚ ਕੈਦ ਹੋ ਗਿਆ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਡੈਨੀਏਲ ਜੇ ਬੋਸਕੀਜ਼ (36) ਨੇ ਨਵੀਂ ਨੀਲੇ ਰੰਗ ਦੀ 2018 ਮਾਡਲ ਸੁਬਾਰੂ ਕਾਰ ਦੇ ਸ਼ੀਸ਼ੇ ਉੱਤੇ ਬੇਸਬੈਟ ਨਾਲ ਹਮਲਾ ਕਰ ਦਿੱਤਾ। ਕਾਰ ਮਾਲਕ ਨੇ ਕਿਹਾ ਕਿ ਤੂੰ ਹੁਣ ਜੇਲ ਜਾਵੇਂਗਾ। ਗੁੱਸੇ ਵਿਚ ਆਏ ਬੋਸਕੀਜ਼ ਨੇ ਦੁਬਾਰਾ ਡਰਾਈਵਰ ਵਾਲੀ ਸਾਈਡ ਵੀ ਬੇਸਬੈਟ ਨਾਲ ਹਮਲਾ ਕੀਤਾ ਅਤੇ ਲਗਾਤਾਰ ਕਾਰ ਉੱਤੇ ਵਾਰ ਕਰਦਾ ਗਿਆ ਅਤੇ ਕਾਰ ਡਰਾਈਵਰ ਬੋਸਕੀਜ਼ ਦੀ ਵੀਡੀਓ ਬਣਾਉਂਦਾ ਰਿਹਾ।

ਡਰਾਈਵਰ ਨੇ ਕਿਹਾ ਕਿ ਹਮਲਾ ਕਿਉਂ ਕਰ ਰਹੇ ਹੋ ? ਹੁਣ ਮੇਰੇ ਉੱਤੇ ਵੀ ਹਮਲਾ ਕਰੋਗੇ ? ਤੁਹਾਨੂੰ ਕੀ ਚਾਹੀਦਾ ਹੈ ? ਬਾਅਦ ਵਿਚ ਬੋਸਕੀਜ਼ ਆਪਣੀ ਕਾਰ ਵਿਚ ਬੈਠ ਗਿਆ। ਉਸ ਦੀ ਕਾਰ ਵਿਚ ਇਕ ਹੋਰ ਔਰਤ ਬੈਠੀ ਸੀ, ਜਿਸ ਨੂੰ ਸੁਬਾਰੂ ਡਰਾਈਵਰ ਨੇ ਪੁੱਛਿਆ ਕਿ ਤੁਹਾਨੂੰ ਇਸ ਨਾਲ ਬੈਠ ਕੇ ਸ਼ਰਮਿੰਦਗੀ ਹੋ ਰਹੀ ਹੈ ਤਾਂ ਔਰਤ ਨੇ ਸੁਬਾਰੂ ਡਰਾਈਵਰ ਵਲ ਗਲਤ ਇਸ਼ਾਰਾ ਕੀਤਾ। ਇਸ ਸਬੰਧੀ ਜਦੋਂ ਪੁਲਸ ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਨੇ ਰੈਂਪੋ ਇਲਾਕੇ ਵਿਚ ਬੋਸਕੀਜ਼ ਦੀ ਕਾਰ ਜੋ ਪਾਰਕਿੰਗ ਵਿਚ ਲੱਗੀ ਬਰਾਮਦ ਕਰ ਲਈ ਅਤੇ ਬੋਸਕੀਜ਼ ਨੂੰ ਵੀ ਪੁਲਸ ਨੇ ਗ੍ਰਿਫਤਾਰ ਕਰ ਲਿਆ। ਪੁਲਸ ਜਾਂਚ ਵਿਚ ਬੋਸਕੀਜ਼ ਉੱਤੇ ਬੇਸਬੈਟ ਨਾਲ ਕਾਰ ਨੂੰ ਨੁਕਸਾਨ ਪਹੁੰਚਾਉਣ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਹਮਲੇ ਵਿਚ ਕੋਈ ਜ਼ਖਮੀ ਨਹੀਂ ਹੋਇਆ, ਜਦੋਂ ਕਿ ਬੋਸਕੀਜ਼ ਨੂੰ ਲੀਯੂ ਦੀ ਰੋਕਲੈਂਡ ਕਾਉਂਟੀ ਜੇਲ ਵਿਚ ਭੇਜ ਦਿੱਤਾ ਹੈ ਅਤੇ ਉਸ ਨੂੰ ਕਿਹਾ ਹੈ ਕਿ ਹਰਜਾਨੇ ਵਜੋਂ ਜਾਂ ਤਾਂ ਉਹ 20 ਹਜ਼ਾਰ ਡਾਲਰ ਦੇ ਬੌਂਡ ਭਰ ਕੇ ਦੇਵੇ ਜਾਂ ਫਿਰ 10 ਹਜ਼ਾਰ ਡਾਲਰ ਕੈਸ਼ ਦੇ ਦੇਵੇ। ਫਿਲਹਾਲ ਸੁਬਾਰੂ ਡਰਾਈਵਰ ਨੇ ਪੁਲਸ ਨੂੰ ਇਹ ਵੀਡੀਓ ਦਿੱਤੀ ਜਾਂ ਨਹੀਂ ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ ਪਰ ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।