ਬ੍ਰਿਟਿਸ਼ ਔਰਤ ਦੇ ਕਤਲ ਮਾਮਲੇ ''ਚ 71 ਸਾਲਾ ਪਾਕਿਸਤਾਨੀ ਗ੍ਰਿਫਤਾਰ

01/16/2020 4:42:45 PM

ਇਸਲਾਮਾਬਾਦ- ਇਕ ਬ੍ਰਿਟਿਸ਼ ਔਰਤ ਦੀ 2005 ਵਿਚ ਹੱਤਿਆ ਮਾਮਲੇ ਵਿਚ ਇਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬ੍ਰਿਟੇਨ ਵਿਚ ਪੁਲਸ ਨੇ ਦੱਸਿਆ ਕਿ 71 ਸਾਲਾ ਸ਼ੱਕੀ ਪੀਰਨ ਦਿੱਤਾ ਖਾਨ ਨੂੰ ਇਸ ਹਫਤੇ ਦੀ ਸ਼ੁਰੂਆਤ ਵਿਚ ਹਿਰਾਸਤ ਵਿਚ ਲਿਆ ਗਿਆ ਸੀ। ਉਸ ਨੂੰ ਬ੍ਰਿਟੇਨ ਹਵਾਲੇ ਕਰਨ ਦੇ ਮਾਮਲੇ ਦੀ ਸੁਣਵਾਈ ਲਈ ਬੁੱਧਵਾਰ ਨੂੰ ਇਸਲਾਮਾਬਾਦ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਹਨਾਂ ਦੱਸਿਆ ਕਿ ਪਾਕਿਸਤਾਨੀ ਅਧਿਕਾਰੀਆਂ ਤੇ ਬ੍ਰਿਟਿਸ਼ ਜਾਸੂਸਾਂ ਦੇ ਵਿਚਾਲੇ ਨੇੜੇ ਸਹਿਯੋਗ ਦੇ ਨਤੀਜੇ ਵਜੋਂ ਖਾਨ ਨੂੰ ਗ੍ਰਿਫਤਾਰ ਕੀਤਾ ਗਿਆ।

ਬ੍ਰਿਟੇਨ ਦੀ ਪੁਲਸ ਅਧਿਕਾਰੀ ਤੇ ਤਿੰਨ ਬੱਚਿਆਂ ਦੀ ਮਾਂ ਸ਼ੈਰੇਨ ਬੇਸ਼ੇਨਿਵਸਕੀ ਦੀ ਬ੍ਰੈਡਫੋਰਡ ਵਿਚ ਇਕ ਟ੍ਰੈਵਲ ਏਜੰਸੀ ਦੇ ਬਾਹਰ ਗੋਲੀ ਮਾਰ ਕੇ ਉਸ ਵੇਲੇ ਹੱਤਿਆ ਕਰ ਦਿੱਤੀ ਗਈ ਸੀ ਜਦੋਂ ਉਹ ਲੁੱਟ ਨਾਲ ਸਬੰਧਤ ਮਿਲੀ ਇਕ ਜਾਣਕਾਰੀ 'ਤੇ ਕਾਰਵਾਈ ਕਰ ਰਹੀ ਸੀ। ਮਹਿਲਾ ਪੁਲਸ ਅਧਿਕਾਰੀ ਦੇ ਕਤਲ ਦੇ ਇਸ ਮਾਮਲੇ ਵਿਚ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਹਥਿਆਰਬੰਦ ਗਿਰੋਹ ਨੂੰ ਸੰਗਠਿਤ ਕਰਨ ਦਾ ਸ਼ੱਕੀ ਖਾਨ ਵਿਦੇਸ਼ ਭੱਜ ਗਿਆ ਸੀ। ਵੈਸਟ ਯਾਰਕਸ਼ਾਇਰ ਪੁਲਸ ਨੇ ਪਾਕਿਸਤਾਨ ਵਿਚ ਖਾਨ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ।

Baljit Singh

This news is Content Editor Baljit Singh