ਰਿੱਚਮੰਡ ਇਲਾਕੇ ''ਚ 28 ਸਾਲਾਂ ਔਰਤ ਦਾ ਕਤਲ, ਸ਼ੱਕੀ ਗ੍ਰਿਫਤਾਰ

12/21/2017 3:55:17 AM

ਓਨਟਾਰੀਓ— ਬੁੱਧਵਾਰ ਨੂੰ ਰਿੱਚਮੰਡ ਹਿੱਲ ਦੇ ਇਕ ਘਰ 'ਚੋਂ ਪੁਲਸ ਨੇ ਇਕ ਔਰਤ ਦੀ ਲਾਸ਼ ਬਰਾਮਦ ਕੀਤੀ। ਪੁਲਸ ਨੇ ਇਸ ਸਬੰਧ 'ਚ ਇਕ 27 ਸਾਲਾਂ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।
ਯਾਰਕ ਰੀਜਨਲ ਪੁਲਸ ਦਾ ਕਹਿਣਾ ਹੈ ਕਿ ਸਵੇਰੇ 11 ਵਜੇ ਉਨ੍ਹਾਂ ਨੂੰ ਬੇਅਵਿਊ ਤੇ ਕ੍ਰੋਸਬੀ ਐਵੇਨਿਊ 'ਚੋਂ ਇਕ ਫੋਨ ਆਇਆ, ਜਿਸ 'ਚ ਕਿਹਾ ਗਿਆ ਕਿ ਇਕ ਔਰਤ ਦਾ ਕਤਲ ਹੋ ਗਿਆ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ 28 ਸਾਲਾਂ ਔਰਤ ਦੀ ਲਾਸ਼ ਬਰਾਮਦ ਕੀਤੀ ਤੇ ਇਕ 27 ਸਾਲਾਂ ਸ਼ੱਕੀ ਨੂੰ ਵੀ ਗ੍ਰਿਫਤਾਰ ਕਰ ਲਿਆ। ਪੁਲਸ ਨੇ ਅਜੇ ਗ੍ਰਿਫਤਾਰ ਕੀਤੇ ਵਿਅਕਤੀ 'ਤੇ ਕੋਈ ਚਾਰਜ ਨਹੀਂ ਲਗਾਇਆ। ਸਥਾਨਕ ਲੋਕਾਂ ਨੂੰ ਇਸ ਘਟਨਾ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਗਈ ਹੈ।