ਆਲੋਚਨਾਵਾਂ ਨਾਲ ਘਿਰੇ ਟਰਨਬੁੱਲ ਨੇ ਕਹਿ ਹੀ ਦਿੱਤਾ, 'ਉੱਪ ਪ੍ਰਧਾਨ ਮੰਤਰੀ ਦੇਣ ਅਸਤੀਫਾ'

02/17/2018 2:46:46 PM

ਸਿਡਨੀ (ਵਾਰਤਾ)— ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਪ੍ਰੇਮ ਸੰਬੰਧਾਂ ਨੂੰ ਲੈ ਕੇ ਉਨ੍ਹਾਂ ਦੇ ਗਲੇ ਦੀ ਹੱਡੀ ਬਣੇ ਉੱਪ ਪ੍ਰਧਾਨ ਮੰਤਰੀ ਬਾਰਨਬਾਏ ਜੌਇਸ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਅਹੁਦਾ ਛੱਡਣ ਨੂੰ ਕਹਿ ਦਿੱਤਾ ਹੈ। ਇਸ ਮਾਮਲੇ ਨੂੰ ਲੈ ਕੇ ਮੀਡੀਆ ਅਤੇ ਦੇਸ਼ 'ਚ ਟਰਨਬੁੱਲ ਦੀ ਕਾਫੀ ਕਿਰਕਿਰੀ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਜੌਇਸ ਦਾ ਆਪਣੀ 33 ਸਾਲਾ ਮੀਡੀਆ ਸਲਾਹਕਾਰ ਵਿੱਕੀ ਕੈਂਪੀਅਨ ਨਾਲ ਪ੍ਰੇਮ ਸੰਬੰਧ ਹਨ, ਫਿਲਹਾਲ ਉਹ ਗਰਭਵਤੀ ਹੈ। ਇਸ ਮਾਮਲੇ ਵਿਚ ਟਰਨਬੁੱਲ ਨੂੰ ਕਾਫੀ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਉਨ੍ਹਾਂ ਦੇ ਉੱਪ ਪ੍ਰਧਾਨ ਮੰਤਰੀ ਕਿਹੋ ਜਿਹਾ ਕੰਮ ਕਰ ਰਹੇ ਹਨ। ਜੌਇਸ ਨੇ ਵੀ ਵਿੱਕੀ ਨਾਲ ਆਪਣੇ ਪ੍ਰੇਮ ਸੰਬੰਧਾਂ ਦੀ ਗੱਲ ਕਬੂਲੀ ਹੈ। ਇਸ ਖਬਰ ਤੋਂ ਬਾਅਦ ਉਨ੍ਹਾਂ ਦੀ ਪਤਨੀ ਅਤੇ 4 ਧੀਆਂ ਨੇ ਹੈਰਾਨੀ ਜ਼ਾਹਰ ਕੀਤੀ ਸੀ।


ਬੀਤੇ ਦਿਨੀਂ ਟਰਨਬੁੱਲ ਨੇ ਹੀ ਮੰਤਰੀਆਂ ਅਤੇ ਸਟਾਫ ਦਰਮਿਆਨ ਸਰੀਰਕ ਸੰਬੰਧਾਂ ਨੂੰ ਲੈ ਕੇ ਪਾਬੰਦੀ ਦੀ ਗੱਲ ਆਖੀ ਸੀ। ਟਰਨਬੁੱਲ ਨੇ ਜੌਇਸ ਨੂੰ ਅਹੁਦਾ ਛੱਡਣ ਨੂੰ ਵੀ ਕਿਹਾ ਹੈ। ਇਸ ਦਰਮਿਆਨ ਜੌਇਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਇਸ ਤਰ੍ਹਾਂ ਦਾ ਬਿਆਨ ਅਣਉੱਚਿਤ ਹੈ ਅਤੇ ਇਸ ਨਾਲ ਦੋਹਾਂ ਦੇਸ਼ਾਂ ਦਰਮਿਆਨ ਫਾਸਲਾ ਹੋਰ ਵਧ ਸਕਦਾ ਹੈ। ਟਰਨਬੁੱਲ ਨੇ ਉਨ੍ਹਾਂ ਦੇ ਇਸ ਬਿਆਨ 'ਤੇ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਕਿਹਾ ਕਿ ਉਹ ਇਸ ਤਰ੍ਹਾਂ ਦੇ ਵਿਵਹਾਰ ਵਾਲੇ ਮੰਤਰੀਆਂ ਨੂੰ ਬਰਦਾਸ਼ਤ ਕਰਨ ਦੇ ਮੂਡ ਵਿਚ ਨਹੀਂ ਹਨ। 
ਆਸਟ੍ਰੇਲੀਆਈ ਸੈਨੇਟ ਨੇ ਸ਼ੁੱਕਰਵਾਰ ਨੂੰ ਜੌਇਸ ਵਿਰੁੱਧ ਇਕ ਪ੍ਰਸਤਾਵ ਪਾਸ ਕਰ ਕੇ ਉਨ੍ਹਾਂ ਨੂੰ ਇਹ ਕਹਿ ਕੇ ਅਹੁਦਾ ਛੱਡਣ ਨੂੰ ਕਹਿ ਦਿੱਤਾ ਕਿ ਇਕ ਸੀਨੀਅਰ ਮੰਤਰੀ ਤੋਂ ਇਸ ਤਰ੍ਹਾਂ ਦੇ ਵਿਵਹਾਰ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਇੱਥੇ ਦੱਸ ਦੇਈਏ ਕਿ ਜੌਇਸ ਪੇਂਡੂ ਖੇਤਰਾਂ ਵਿਚ ਜਨਾਧਾਰ ਰੱਖਣ ਵਾਲੀ ਨੈਸ਼ਨਲ ਪਾਰਟੀ ਨਾਲ ਸੰਬੰਧ ਰੱਖਦੇ ਹਨ ਅਤੇ ਉਨ੍ਹਾਂ ਦਾ ਟਰਨਬੁੱਲ ਦੀ ਲਿਬਰਲ ਪਾਰਟੀ ਨਾਲ ਗਠਜੋੜ ਹੈ।