ਅਰਬਾਂ ਦੇ ਘੁਟਾਲੇ ਦਾ ਮਾਮਲਾ : ਮਲੇਸ਼ੀਆ ਦੇ ਸਾਬਕਾ PM ਸੁਣਵਾਈ ਲਈ ਹੋਏ ਪੇਸ਼

12/03/2019 2:32:09 PM

ਕੁਆਲਾਲੰਪੁਰ— ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਰਜਾਕ ਨੇ 1 ਐੱਮ. ਬੀ. ਡੀ. ਘੁਟਾਲੇ 'ਚ ਆਪਣੀ ਭੂਮਿਕਾ ਦੇ ਬਚਾਅ 'ਚ ਮੰਗਲਵਾਰ ਨੂੰ ਆਪਣਾ ਪੱਖ ਰੱਖਿਆ। ਕਈ ਅਰਬ ਡਾਲਰ ਦੇ ਫਰਜ਼ੀਵਾੜੇ ਨਾਲ ਜੁੜੇ ਇਸ ਮੁਕੱਦਮੇ ਦੇ ਅਹਿਮ ਪੜਾਅ 'ਚ ਪੁੱਜਣ ਮਗਰੋਂ ਰਜਾਕ ਨੇ ਆਪਣਾ ਪੱਖ ਰੱਖਿਆ। ਦੋਸ਼ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਨਿਵੇਸ਼ ਫੰਡ '1 ਮਲੇਸ਼ੀਆ ਡਿਵੈਲਪਮੈਂਟ ਬੇਰਹਾਦ (1 ਐੱਮ. ਬੀ. ਡੀ.) ਤੋਂ ਵੱਡੀ ਮਾਤਰਾ 'ਚ ਧਨਰਾਸ਼ੀ ਕਥਿਤ ਤੌਰ 'ਤੇ ਚੋਰੀ ਕੀਤੀ ਗਈ ਅਤੇ ਇਸ ਪੈਸੇ ਨੂੰ ਰੀਅਲ ਅਸਟੇਟ ਤੋਂ ਲੈ ਕੇ ਕਲਾਕ੍ਰਿਤੀਆਂ ਤਕ ਲਈ ਖਰਚ ਕੀਤਾ ਗਿਆ।

6 ਦਹਾਕੇ ਤਕ ਸੱਤਾ 'ਚ ਰਹਿਣ ਦੇ ਬਾਅਦ ਪਿਛਲੇ ਸਾਲ ਹੋਈਆਂ ਚੋਣਾਂ 'ਚ ਉਨ੍ਹਾਂ ਦਾ ਗਠਜੋੜ ਸੱਤਾ ਤੋਂ ਬਾਹਰ ਹੋ ਗਿਆ। ਘੁਟਾਲੇ ਨੂੰ ਲੈ ਕੇ ਲੋਕਾਂ ਦਾ ਗੁੱਸਾ ਇਸ ਦਾ ਮੁੱਖ ਕਾਰਨ ਹੈ। ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਨਿਵੇਸ਼ ਫੰਡ ਨੂੰ ਲੁੱਟਣ ਨਾਲ ਜੁੜੇ ਦਰਜਨਾਂ ਦੋਸ਼ ਲਗਾਏ ਗਏ। 1 ਐੱਮ. ਬੀ. ਡੀ. ਇਕਾਈ 'ਚ 4.2 ਕਰੋੜ ਰਿੰਗਿਤ (1.1 ਕਰੋੜ ਡਾਲਰ) ਦੀ ਧੋਖਾਧੜੀ ਮਗਰੋਂ ਇਸ ਮਾਮਲੇ ਨੇ ਤੂਲ ਫੜਿਆ ਤੇ ਕਾਰਵਾਈ ਸ਼ੁਰੂ ਹੋਈ। ਰਜਾਕ ਦੀ ਟੀਮ ਇਸ ਮਾਮਲੇ 'ਚ ਉਨ੍ਹਾਂ ਦੇ ਪੱਖ ਨੂੰ ਰੱਖਣ ਲਈ ਪੂਰੀ ਤਰ੍ਹਾਂ ਤਿਆਰ ਹੈ।