ਮਲੇਸ਼ੀਆ : ਨਮਾਜ਼ ''ਚ ਸ਼ਾਮਲ ਨਾ ਹੋਣ ਵਾਲੇ 6 ਲੋਕਾਂ ਨੂੰ ਜੇਲ

12/04/2019 5:52:48 PM

ਕੁਆਲਾਲੰਪੁਰ (ਬਿਊਰੋ): ਮਲੇਸ਼ੀਆ ਵਿਚ 6 ਮੁਸਲਿਮ ਨੌਜਵਾਨਾਂ ਨੂੰ ਕਥਿਤ ਤੌਰ 'ਤੇ ਇਕ ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਨੌਜਵਾਨਾਂ ਦਾ ਜ਼ੁਰਮ ਸਿਰਫ ਇੰਨਾ ਸੀ ਕਿ ਉਨ੍ਹਾਂ ਨੇ ਨਮਾਜ਼ ਨਾ ਪੜ੍ਹ ਕੇ ਇਸਲਾਮਿਕ ਨਿਯਮਾਂ ਦੀ ਉਲੰਘਣਾ ਕੀਤੀ ਸੀ। ਇਸ ਘਟਨਾ ਦੇ ਸਾਹਮਣੇ ਆਉਣ ਦੇ ਬਾਅਦ ਧਾਰਮਿਕ ਰੂਪ ਨਾਲ ਵੱਧਦੇ ਰੂੜ੍ਹੀਵਾਦ ਨੂੰ ਲੈ ਕੇ ਬਹੁ ਨਸਲੀ ਦੇਸ਼ ਵਿਚ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮਲੇਸ਼ੀਆ ਵਿਚ ਮੁਸਲਿਮ ਪੁਰਸ਼ਾਂ ਲਈ ਸ਼ੁੱਕਰਵਾਰ ਨੂੰ ਨਮਾਜ਼ ਪੜ੍ਹਨੀ ਲਾਜ਼ਮੀ ਹੈ। 

ਇਕ ਅੰਗਰੇਜ਼ੀ ਅਖਬਾਰ 'ਹਰੀਯਨ ਮੈਟਰੋ' ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਸਲਿਮ ਨੌਜਵਾਨਾਂ ਦੀ ਉਮਰ 17 ਤੋਂ 35 ਸਾਲ ਦੇ ਵਿਚ ਹੈ। ਇਨ੍ਹਾਂ ਨੌਜਵਾਨਾਂ ਨੂੰ ਸ਼ੁੱਕਰਵਾਰ ਨੂੰ ਨਮਾਜ਼ ਵਿਚ ਹਿੱਸਾ ਲੈਣ ਦੀ ਬਜਾਏ ਝਰਨੇ ਨੇੜੇ ਪਿਕਨਿਕ ਮਨਾਉਂਦੇ ਹੋਏ ਫੜਿਆ ਗਿਆ ਸੀ। ਐਤਵਾਰ ਨੂੰ ਸ਼ਰੀਆ ਕੋਰਟ ਵਿਚ ਉਨ੍ਹਾਂ ਨੂੰ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਜੇਲ ਦੀ ਸਜ਼ਾ ਦੇ ਨਾਲ 780 ਡਾਲਰ ਦਾ ਆਰਥਿਕ ਜ਼ੁਰਮਾਨਾ ਵੀ ਲਗਾਇਆ ਗਿਆ। 

ਇੱਥੇ ਦੱਸ ਦਈਏ ਕਿ ਸ਼ੁੱਕਰਵਾਰ ਮੁਸਲਿਮਾਂ ਲਈ ਹਫਤੇ ਦਾ ਸਭ ਤੋਂ ਪਵਿੱਤਰ ਦਿਨ ਹੈ ਅਤੇ ਇਸ ਦੀ ਨਮਾਜ਼ 'ਚ ਸ਼ਾਮਲ ਹੋਣਾ ਲਾਜ਼ਮੀ ਹੈ। ਫਿਲਹਾਲ ਨੌਜਵਾਨਾਂ ਨੇ ਸਜ਼ਾ ਦੇ ਵਿਰੁੱਧ ਅਪੀਲ ਕੀਤੀ ਹੈ ਅਤੇ ਹਾਲੇ ਜ਼ਮਾਨਤ 'ਤੇ ਬਾਹਰ ਹਨ। ਉਨ੍ਹਾਂ ਨੂੰ ਮੁਸਲਿਮ ਬਹੁ ਗਿਣਤੀ ਮਲੇਸ਼ੀਆ ਦੇ ਸ਼ਰੀਆ ਕਾਨੂੰਨਾਂ ਦੇ ਤਹਿਤ ਜ਼ਿਆਦਾ ਤੋਂ ਜ਼ਿਆਦਾ 2 ਸਾਲ ਦੀ ਜੇਲ ਹੋ ਸਕਦੀ ਸੀ।

Vandana

This news is Content Editor Vandana