12 ਸ਼ਰਤਾਂ ''ਤੇ ਬੱਚੀ ਨੂੰ ਮਿਲੀ ਆਈਫੋਨ ਰੱਖਣ ਦੀ ਇਜਾਜ਼ਤ

12/12/2018 10:54:25 AM

ਕੁਆਲਾਲੰਪੁਰ (ਬਿਊਰੋ)— ਜ਼ਿਆਦਾਤਰ ਬੱਚੇ ਮਾਤਾ-ਪਿਤਾ ਨੂੰ ਆਪਣੀ ਮੰਗ ਪੂਰੀ ਕਰਨ ਲਈ ਮਜਬੂਰ ਕਰ ਹੀ ਲੈਂਦੇ ਹਨ। ਪਰ ਅੱਜ ਅਸੀਂ ਜਿਸ ਬੱਚੇ ਬਾਰੇ ਤੁਹਾਨੂੰ ਦੱਸ ਰਹੇ ਹਾਂ ਉਸ ਦੇ ਮਾਤਾ-ਪਿਤਾ ਨੇ ਉਸ ਦੀ ਮੰਗ ਤਾਂ ਪੂਰੀ ਕੀਤੀ ਪਰ ਕੁਝ ਸ਼ਰਤਾਂ ਨਾਲ। ਮਲੇਸ਼ੀਆ ਵਿਚ ਇਕ ਬੱਚੀ ਨੇ ਆਈਫੋਨ ਪਾਉਣ ਲਈ ਆਪਣੇ ਮਾਤਾ-ਪਿਤਾ ਨਾਲ ਅਨੋਖਾ ਕਰਾਰ ਕੀਤਾ। 12 ਸ਼ਰਤਾਂ ਵਾਲੇ ਇਕਰਾਰਨਾਮੇ 'ਤੇ ਦਸਤਖਤ ਕਰਦਿਆਂ ਬੱਚੀ ਨੇ ਰੋਜ਼ਾਨਾ ਸਵੇਰੇ ਨਮਾਜ਼ ਅਦਾ ਕਰਨ ਅਤੇ ਡਾਈਨਿੰਗ ਟੇਬਲ 'ਤੇ ਆਈਫੋਨ ਨਾਲ ਨਾ ਲਿਆਉਣ ਦੀ ਹਾਮੀ ਭਰੀ। ਜੇ ਬੱਚੀ ਇਕਰਾਰਨਾਮੇ ਵਿਚ ਦਰਜ ਕਿਸੇ ਵੀ ਸ਼ਰਤ ਦੀ ਉਲੰਘਣਾ ਕਰਦੀ ਹੈ ਤਾਂ ਉਸ ਦਾ ਆਈਫੋਨ ਪਿਤਾ ਨੂੰ ਸੌਂਪ ਦਿੱਤਾ ਜਾਵੇਗਾ। 

ਮਾਤਾ-ਪਿਤਾ ਨੇ ਰੱਖੀਆਂ ਇਹ ਸ਼ਰਤਾਂ
ਇਕ ਅੰਗਰੇਜ਼ੀ ਅਖਬਾਰ ਮੁਤਾਬਕ 10 ਸਾਲਾ ਯਾਸਮੀਨ ਦਾ ਆਪਣੇ ਮਾਤਾ-ਪਿਤਾ ਨਾਲ ਕੀਤਾ 'One Year Renewable Phone Loan Agreement' ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਦੇ ਤਹਿਤ ਯਾਸਮੀਨ ਦੇ ਸਕੂਲ ਜਾਂ ਟਾਇਲਟ ਵਿਚ ਫੋਨ ਲਿਜਾਣ 'ਤੇ ਪਾਬੰਦੀ ਹੋਵੇਗੀ। ਉਹ ਆਪਣੇ ਮਾਤਾ-ਪਿਤਾ ਦੇ ਫੋਨ ਨੂੰ ਵੀ ਹੱਥ ਨਹੀਂ ਲਗਾ ਸਕੇਗੀ। ਕੋਈ ਵੀ ਨਵਾਂ ਐਪਲੀਕੇਸ਼ਨ ਡਾਊਨਲੋਡ ਕਰਨ ਤੋਂ ਪਹਿਲਾਂ ਉਸ ਨੂੰ ਮਾਤਾ-ਪਿਤਾ ਦੀ ਇਜਾਜ਼ਤ ਲੈਣੀ ਹੋਵੇਗੀ। ਯਾਸਮੀਨ ਨੂੰ ਰੋਜ਼ ਸਵੇਰੇ ਜਾਂ ਫਿਰ ਹਫਤੇ ਵਿਚ 6 ਵਾਰ ਕੁਰਾਨ ਦੀਆਂ ਆਯਤਾਂ ਪੜ੍ਹਨੀਆਂ ਪੈਣਗੀਆਂ। ਪਰਿਵਾਰ ਨਾਲ ਬਾਹਰ ਘੁੰਮਣ-ਫਿਰਨ, ਖਾਣਾ ਖਾਣ ਜਾਂ ਫਿਲਮ ਦੇਖਣ ਦੌਰਾਨ ਉਹ ਦੋਸਤਾਂ ਨੂੰ ਫੋਨ ਨਹੀਂ ਕਰੇਗੀ। ਫੋਨ 'ਤੇ ਚੈਟਿੰਗ ਜਾਂ ਗੇਮ ਖੇਡਣ ਦੇ ਚੱਕਰ ਵਿਚ ਸਕੂਲ-ਟਿਊਸ਼ਨ ਦੀ ਛੁੱਟੀ ਕਰਨਾ ਵੀ ਉਸ ਨੂੰ ਮਹਿੰਗਾ ਪਵੇਗਾ। ਇਹੀ ਨਹੀਂ ਯਾਸਮੀਨ ਮਹੀਨੇ ਵਿਚ ਸੀਮਤ ਇੰਟਰਨੈੱਟ ਡਾਟਾ ਦੀ ਵਰਤੋਂ ਕਰ ਸਕੇਗੀ। ਡਾਟਾ ਪੈਕ ਖਤਮ ਹੋਣ 'ਤੇ ਜੇ ਉਹ ਰਿਚਾਰਜ ਦੀ ਜਿੱਦ ਜਾਂ ਕੋਸ਼ਿਸ਼ ਕਰਦੀ ਹੈ ਤਾਂ ਉਸ ਕੋਲੋਂ ਫੋਨ ਲੈ ਲਿਆ ਜਾਵੇਗਾ।

ਬੈਟਰੀ ਖਤਮ ਹੋਣਾ ਪਵੇਗਾ ਮਹਿੰਗਾ
ਯਾਸਮੀਨ ਦੇ ਮਾਤਾ-ਪਿਤਾ ਨੇ 'One Year Renewable Phone Loan Agreement' ਵਿਚ ਇਹ ਸ਼ਰਤ ਵੀ ਰੱਖੀ ਹੈ ਕਿ ਉਹ ਆਈਫੋਨ ਨੂੰ ਕਦੇ ਪੂਰੀ ਤਰ੍ਹਾਂ ਨਾਲ ਡਿਸਚਾਰਜ ਨਹੀਂ ਹੋਣ ਦੇਵੇਗੀ ਕਿਉਂਕਿ ਇਸ ਨਾਲ ਬੈਟਰੀ 'ਤੇ ਬੁਰਾ ਅਸਰ ਪੈਂਦਾ ਹੈ। ਇਹੀ ਨਹੀਂ ਉਸ ਨੂੰ ਫੋਨ ਉਦੋਂ ਹੀ ਚਾਰਜ ਕਰਨ ਦੀ ਇਜਾਜ਼ਤ ਹੋਵੇਗੀ ਜਦੋਂ ਉਸ ਦੀ ਬੈਟਰੀ ਡਿਸਚਾਰਜ ਹੋਣ ਵਾਲੀ ਹੋਵੇਗੀ।

ਗੈਜੇਟਸ ਦੀ ਦੀਵਾਨੀ ਬੱਚੀ
ਯਾਸਮੀਨ ਨੂੰ ਗੈਜੇਟਸ ਬਚਪਨ ਤੋਂ ਹੀ ਆਕਰਸ਼ਿਤ ਕਰਦੇ ਆਏ ਹਨ। 7 ਸਾਲ ਦੀ ਉਮਰ ਵਿਚ ਜਦੋਂ ਉਸ ਨੇ 'ਨਿਨਟੇਂਡੋ ਸਵਿੱਚ ਗੇਮ ਕੰਸੋਲ' ਦੀ ਫਰਮਾਇਸ਼ ਕੀਤੀ ਤਾਂ ਮਾਤਾ-ਪਿਤਾ ਨੇ ਸਾਫ-ਸਫਾਈ ਵਿਚ ਮਦਦ ਕਰਨ ਦੀ ਸ਼ਰਤ ਰੱਖ ਦਿੱਤੀ। ਯਾਸਮੀਨ ਨੂੰ ਕੰਸੋਲ ਇਸ ਕਦਰ ਚਾਹੀਦਾ ਸੀ ਕਿ ਉਸ ਨੇ 2 ਸਾਲ ਪੂਰੇ ਘਰ ਵਿਚ ਸਾਫ-ਸਫਾਈ ਕੀਤੀ। ਨਾਲ ਹੀ ਕੱਪੜੇ ਧੋਣ ਵਿਚ ਆਪਣੀ ਮਾਂ ਦੀ ਮਦਦ ਕੀਤੀ।

Vandana

This news is Content Editor Vandana