ਗੀਤਕਾਰ ਤੇ ਗਾਇਕ ਬਿੱਕਰ ਤਿੰਮੋਵਾਲ ਦਾ ਯੂ.ਕੇ ਚ ਗੋਲਡ ਮੈਡਲ ਨਾਲ ਸਨਮਾਨ

07/08/2019 5:19:28 PM

ਲੰਡਨ (ਰਾਜਵੀਰ ਸਮਰਾ)- ਪੰਜਾਬੀਆਂ ਦੇ ਚਹੇਤੇ ਗਾਇਕ ਤੇ ਗੀਤਕਾਰ ਬਿੱਕਰ ਤਿੰਮੋਵਾਲ ਜੋ ਆਪਣੇ ਵਿਦੇਸ਼ੀ ਟੂਰ ਦੌਰਾਨ ਇੰਗਲੈਂਡ ਪਹੁੰਚੇ, ਦੀ ਆਮਦ 'ਤੇ ਗੋਲਡਨ ਵਿਰਸਾ ਯੂ.ਕੇ ਵਲੋਂ ਪ੍ਰਭਾਵਸ਼ਾਲੀ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ। ਲੰਡਨ 'ਚ ਗੁਰਦੁਆਰਾ ਮੀਰੀ-ਪੀਰੀ ਸਾਊਥਾਲ ਵਿਖੇ ਆਯੋਜਿਤ ਸਨਮਾਨ ਸਮਾਗਮ 'ਚ ਖੇਡ ਤੇ ਕਲਾ ਪ੍ਰਮੋਟਰ ਜੋਗਾ ਸਿੰਘ ਢਡਵਾੜ, ਸੰਸਦ ਮੈਂਬਰ ਵਰਿੰਦਰ ਸ਼ਰਮਾ, ਬੀਬੀ ਅਮਰੀਕ ਕੌਰ ਪ੍ਰਧਾਨ, ਜਸਵੰਤ ਸਿੰਘ ਠੇਕੇਦਾਰ, ਕੁਲਵੰਤ ਸਿੰਘ ਭਿੰਡਰ, ਅਨੀਤਾ ਸੰਧੂ ਆਦਿ ਨੇ ਗੀਤਕਾਰ ਤੇ ਗਾਇਕ ਬਿੱਕਰ ਤਿੰਮੋਵਾਲ ਨੂੰ ਪਹਿਲਾਂ ਫੁੱਲਾਂ ਦਾ ਗੁਲਦਸਤਾ ਅਤੇ ਫਿਰ ਗੋਲਡ ਮੈਡਲ ਦੇ ਕੇ ਯਾਦਗਾਰੀ ਸਨਮਾਨ ਕੀਤਾ।ਸਾਊਥਾਲ ਦੇ ਐਮ.ਪੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਬਿੱਕਰ ਤਿੰਮੋਵਾਲ ਨੇ ਕਲਮ ਅਤੇ ਗਾਇਕੀ ਨਾਲ ਪੰਜਾਬੀ ਸਾਹਿਤ ਤੇ ਸੰਗੀਤ ਪ੍ਰੇਮੀਆਂ ਦਾ ਮਨੋਰੰਜਨ ਕੀਤਾ। ਉਨ੍ਹਾਂ ਕਿਹਾ ਕਿ ਹਮੇਸ਼ਾ ਸਾਫ-ਸੁਥਰੀ ਲੇਖਣੀ ਅਤੇ ਗਾਇਕੀ ਨੂੰ ਤਰਜੀਹ ਦੇਣ ਵਾਲੇ ਬਿੱਕਰ ਤਿੰਮੋਵਾਲ ਨੇ ਸਿੱਕਿਆਂ ਦੀ ਚਮਕ ਪਿੱਛੇ ਕਲਾ ਨਾਲ ਸਮਝੌਤਾ ਨਹੀਂ ਕੀਤਾ। ਸਨਮਾਨ ਸਮਾਗਮ ਮੌਕੇ ਬਿੱਕਰ ਤਿੰਮੋਵਾਲ ਨੇ ਗੋਲਡਨ ਵਿਰਸਾ ਯੂ.ਕੇ ਦੇ ਸਮੂਹ ਅਹੁਦੇਦਾਰਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਦਾ ਧੰਨਵਾਦ ਕਰਦਿਆਂ ਹਾਜ਼ਰੀਨ ਸਾਹਮਣੇ ਧਾਰਮਿਕ ਗੀਤ ਪੇਸ਼ ਕੀਤੇ ਅਤੇ ਹਮੇਸ਼ਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਪ੍ਰਣ ਕੀਤਾ।

Sunny Mehra

This news is Content Editor Sunny Mehra