ਇਟਲੀ ''ਚ ਹੋਈਆਂ ਨਗਰ ਕੌਂਸਲ ਦੀਆਂ ਚੋਣਾਂ ''ਚ ਪੰਜਾਬ ਦੀ ਲਵਪ੍ਰੀਤ ਕੌਰ ਰਹੀ ਜੇਤੂ

05/31/2019 4:36:23 PM

ਰੋਮ/ਇਟਲੀ (ਕੈਂਥ)- ਬੀਤੇ ਦਿਨ ਇਟਲੀ ਦੇ ਵੱਖ-ਵੱਖ ਇਲਾਕਿਆਂ 'ਚ ਹੋਈਆਂ ਸਿੰਦਾਕੋ ਨਗਰ ਕੌਂਸਲ ਦੀਆਂ ਚੋਣਾਂ 'ਚ ਬੇਸ਼ੱਕ ਕਈ ਭਾਰਤੀ ਲੋਕ ਖੜ੍ਹੇ ਸਨ ਪਰ ਇਨ੍ਹਾਂ ਸਾਰਿਆਂ ਵਿਚੋਂ ਸਿਰਫ ਇਕ ਪੰਜਾਬੀ ਮੁਟਿਆਰ ਨੇ ਜਿੱਤ ਦਰਜ ਕੀਤੀ ਹੈ। ਲਵਪ੍ਰੀਤ ਕੌਰ ਸਪੁੱਤਰੀ ਪਰਮਜੀਤ ਸਿੰਘ ਨੇ ਇਟਲੀ ਦੇ ਜ਼ਿਲ੍ਹਾ ਮਚੇਰਾਤਾ ਅਧੀਨ ਆਉਂਦੇ ਸ਼ਹਿਰ ਸੇਫਰੋ ਤੋਂ ਨਗਰ ਕੌਂਸਲ ਦੀਆਂ ਚੌਣਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਲਵਪ੍ਰੀਤ ਕੌਰ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਆਪਣੀ ਬੇਟੀ ਨੂੰ ਚੋਣਾਂ ਵਿੱਚ ਖੜ੍ਹੇ ਕਰਨ ਦਾ ਮਕਸਦ ਸਿਰਫ਼ ਇਟਲੀ ਦੇ ਭਾਰਤੀ ਭਾਈਚਾਰੇ ਨੂੰ ਉਤਸ਼ਾਹਤ ਕਰਨਾ ਸੀ ਤਾਂ ਜੋ ਹੋਰ ਭਾਰਤੀ ਵੀ ਇਟਲੀ ਦੇ ਸਿਆਸੀ ਪਿੜ ਵਿੱਚ ਅੱਗੇ ਆਕੇ ਭਾਰਤੀ ਭਾਈਚਾਰੇ ਦੇ ਹੱਕਾਂ ਦੀ ਗੱਲ ਕਰ ਸਕਣ।

ਇਟਲੀ ਵਿੱਚ ਕਈ ਥਾਈਂ ਵਿਦੇਸ਼ੀਆਂ ਨਾਲ ਨਸਲੀ ਭੇਦਭਾਵ ਹੋ ਰਿਹਾ ਹੈ ਅਜਿਹੇ ਵਤੀਰੇ ਨੂੰ ਇਟਲੀ ਦੇ ਸੱਤਾਧਾਰੀ ਬਣਕੇ ਰੋਕਿਆ ਜਾ ਸਕਦਾ ਹੈ। ਲਵਪ੍ਰੀਤ ਕੌਰ (20 ਸਾਲ) ਸਿੰਦਾਕੋ ਚੋਣਾਂ ਲੜਣ ਵਾਲੀ ਭਾਰਤੀ ਮੂਲ ਦੀ ਸਭ ਤੋਂ ਘੱਟ ਉਮਰ ਦੀ ਉਮੀਦਵਾਰ ਹੈ, ਜਿਸ ਨੇ ਜਿੱਤ ਪ੍ਰਾਪਤ ਕਰਕੇ ਇਟਲੀ ਦੇ ਸਮੁੱਚੇ ਪੰਜਾਬੀ ਭਾਈਚਾਰੇ ਦਾ ਤੇ ਭਾਰਤ ਦਾ ਮਾਣ ਵਧਾਇਆ ਹੈ। ਲਵਪ੍ਰੀਤ ਕੌਰ ਭਾਰਤੀ ਮੂਲ ਦੀ ਦੂਜੀ ਉਮੀਦਵਾਰ ਹੈ, ਜਿਸ ਨੇ ਜਿੱਤ ਹਾਸਲ ਕੀਤੀ ਇਸ ਤੋਂ ਪਹਿਲਾਂ ਅਵਤਾਰ ਰਾਣਾ ਵੀ ਤੋਰੀਨੋ ਇਲਾਕੇ 'ਚ 2008 ਦੀਆਂ ਸਿੰਦਾਕੋ ਚੋਣਾਂ 'ਚ ਜਿੱਤ ਹਾਸਲ ਕਰ ਚੁੱਕੇ ਹਨ। ਲਵਪ੍ਰੀਤ ਕੌਰ ਦੀ ਇਸ ਜਿੱਤ 'ਤੇ ਇਟਲੀ ਦਾ ਪੰਜਾਬੀ ਭਾਈਚਾਰਾ ਬਹੁਤ ਖੁਸ਼ ਹੈ ਤੇ ਵੱਖ-ਵੱਖ ਇੰਡੀਅਨ ਕਮਿਊਨਿਟੀ ਦੇ ਆਗੂਆਂ ਨੇ ਉਸ ਦੇ ਪਿਤਾ ਪਰਮਜੀਤ ਸਿੰਘ ਨੂੰ ਵਿਸ਼ੇਸ਼ ਮੁਬਾਰਕਬਾਦ ਦਿੱਤੀ ਹੈ।ਇਸ ਮੌਕੇ ਗੱਲਬਾਤ ਕਰਦਿਆਂ ਲਵਪ੍ਰੀਤ ਕੌਰ ਨੇ ਕਿਹਾ ਕਿ ਉਹ ਸਦਾ ਹੀ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਲਈ ਮੋਹਰੀ ਰਹੇਗੀ।

Sunny Mehra

This news is Content Editor Sunny Mehra