ਨਵਾਂ ਸ਼ਹਿਰ ਦੀ ਲਵਪ੍ਰੀਤ ਕੌਰ ਨੇ ਇਟਲੀ 'ਚ ਵਧਾਇਆ ਮਾਣ, ਹਾਸਲ ਕੀਤੀ ਇਹ ਉਪਲਬਧੀ

11/22/2023 4:03:20 PM

ਰੋਮ (ਦਲਵੀਰ ਕੈਂਥ): ਪੰਜਾਬ ਦੀਆਂ ਹੋਣਹਾਰ ਧੀਆਂ ਇਟਲੀ ਵਿਚ ਅੱਜਕੱਲ੍ਹ ਸਫਲਤਾ ਦੇ ਝੰਡੇ ਬੁਲੰਦ ਕਰ ਰਹੀਆਂ ਹਨ। ਕੋਈ ਪੁਲਸ ਵਿੱਚ ਝੰਡੇ ਬੁਲੰਦ ਕਰ ਰਹੀ ਹੈ ਕੋਈ ਵਕੀਲ ਬਣ ਭਾਈਚਾਰੇ ਦੀ ਸੇਵਾ ਕਰ ਰਹੀ ਹੈ। ਇੰਝ ਜਾਪਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਵਾਂਗ ਇੱਥੇ ਵੀ ਪੰਜਾਬੀਆਂ ਦੀ ਚੜ੍ਹਤ ਸਿਰ ਚੜ੍ਹ ਕੇ ਬੋਲੇਗੀ। ਪੰਜਾਬੀਆਂ ਦੀ ਇਟਲੀ ਦੇ ਚ਼ੁਫੇਰੇ ਝੰਡੀ ਹੋਵੇਗੀ। ਇੱਕ ਅਜਿਹੀ ਹੀ ਪੰਜਾਬ ਦੀ ਧੀ ਨੂੰ ਅੱਜ ਅਸੀਂ ਤੁਹਾਨੂੰ ਮਿਲਣ ਜਾ ਰਹੇ ਹਾਂ। ਮਾਪਿਆਂ ਦੀ ਹੋਣਹਾਰ ਧੀ ਲਵਪ੍ਰੀਤ ਕੌਰ ਸਪੁੱਤਰੀ ਜਗਦੀਸ ਪੌੜਵਾਲ ਤੇ ਬੀਬੀ ਜਸਵੰਤ ਕੌਰ ਵਾਸੀ ਨਵਾਂ ਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਨੇ ਵਿੱਦਿਆਦਕ ਖੇਤਰ ਵਿੱਚ ਪਿਛਲੇ ਇੱਕ ਦਹਾਕੇ ਤੋਂ ਜੋ ਕਾਮਯਾਬੀ ਦੇ ਝੰਡੇ ਗੱਡੇ ਹਨ, ਉਸ ਨੂੰ ਇਟਾਲੀਅਨ ਤੇ ਹੋਰ ਦੇਸ਼ਾਂ ਦੇ ਲੋਕ ਵੀ ਸਲੂਟ ਕਰਦੇ ਹਨ।

ਸੰਨ 2014 ਨੂੰ ਪਰਿਵਾਰ ਨਾਲ ਇਟਲੀ ਦੇ ਤੁਸਕਾਨਾ ਸੂਬੇ ਦੇ ਸ਼ਹਿਰ ਇਮਪੋਲੀ( ਫਿਰੈਂਸੇ)ਆਈ ਲਵਪ੍ਰੀਤ ਕੌਰ, ਜਿਸ ਦੀ ਉਮਰ ਮਹਿਜ ਇਸ ਸਮੇਂ 24 ਸਾਲ ਹੈ ਉਸ ਨੇ ਪਹਿਲਾਂ ਸੰਨ 2020 ਵਿੱਚ ਡੈਂਟਲ ਟੈਕਨੀਸ਼ੀਅਨ ਦੇ ਕੋਰਸ ਵਿੱਚ 5 ਸਾਲ ਸਖ਼ਤ ਪੜ੍ਹਾਈ ਕਰਦਿਆਂ 100 ਵਿੱਚੋਂ 100 ਨੰਬਰ ਲੈ ਪਹਿਲਾਂ ਮੁਕਾਮ ਹਾਸਲ ਕਰਦਿਆਂ ਮਾਪਿਆਂ ਸਮੇਤ ਦੇਸ਼ ਦਾ ਨਾਮ ਚਮਕਾਇਆ ਸੀ ਤੇ ਫਿਰ ਇਸ ਬੱਚੀ ਨੂੰ ਜੂਨੀਅਰ ਡੈਂਟਿਸਟ ਭਾਵ ਦੰਦਾਂ ਦੇ ਡਾਕਟਰ ਦੀ ਡਿਗਰੀ ਕਰਨ ਲਈ ਦਾਖਲਾ ਮਿਲ ਗਿਆ। ਹੁਣ ਇਸ ਬੱਚੀ ਨੇ 110 ਵਿੱਚੋਂ 108 ਨੰਬਰ ਲੈਕੇ ਆਪਣੀ ਕਲਾਸ ਵਿੱਚੋਂ ਟਾਪ ਕੀਤਾ ਹੈ। ਕਾਮਯਾਬੀ ਦੇ ਇਸ ਮੁਕਾਮ 'ਤੇ ਪਹੁੰਚ ਕੇ ਲਵਪ੍ਰੀਤ ਕੌਰ ਤੁਸਕਾਨਾ ਸੂਬੇ ਦੀ ਪਹਿਲੀ ਅਜਿਹੀ ਪੰਜਾਬਣ ਬਣੀ ਹੈ ਜਿਸ ਨੇ ਯੂਨੀਅਰ ਡੈਂਟਿਸਟ ਦੀ ਡਿਗਰੀ ਵਿੱਚ ਟਾਪ ਕਰਕੇ ਆਪਣੇ ਪਰਿਵਾਰ ਸਮੇਤ ਪੂਰੇ ਭਾਰਤ ਦਾ ਨਾਮ ਇਟਲੀ ਵਿੱਚ ਰੌਸ਼ਨ ਕੀਤਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਅਧਿਐਨ 'ਚ ਖ਼ੁਲਾਸਾ: ਅਮਰੀਕਾ 'ਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ 7 ਲੱਖ ਤੋਂ ਵਧੇਰੇ ਭਾਰਤੀ

ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਲਵਪ੍ਰੀਤ ਕੌਰ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਪਿਆਂ ਸਿਰ ਬੰਨ੍ਹਦਿਆਂ ਕਿਹਾ ਕਿ ਇਹ ਬੁਲੰਦੀ ਸਿਰਫ਼ ਮਾਪਿਆ ਦੇ ਆਸ਼ੀਰਵਾਦ ਤੇ ਮਿਹਨਤ ਦਾ ਨਤੀਜਾ ਹੈ।  ਜਿਹੜੇ ਵੀ ਬੱਚੇ ਭਾਰਤ ਤੋਂ ਇਟਲੀ ਆ ਰਹੇ ਹਨ ਖਾਸਕਰ ਕੁੜੀਆਂ, ਉਹ ਇਟਲੀ ਆਕੇ ਆਪਣੀ ਪੜ੍ਹਾਈ ਨੂੰ ਜਾਰੀ ਰੱਖਣ। ਇੱਥੇ ਹੁਸ਼ਿਆਰ ਬੱਚਿਆਂ ਨੂੰ ਸਰਕਾਰ ਬਹੁਤ ਹੀ ਸਹੂਲਤਾਂ ਦਿੰਦੀ ਹੈ। ਉਸ ਨੇ ਜਿਹੜੀ ਵੀ ਹੁਣ ਤੱਕ ਪੜ੍ਹਾਈ ਕੀਤੀ ਉਹ ਬਿਲਕੁਲ ਮੁਫ਼ਤ ਕੀਤੀ ਹੈ। ਲਵਪ੍ਰੀਤ ਕੌਰ ਜਲਦ ਹੀ ਦੰਦਾਂ ਦੇ ਡਾਕਟਰ ਵਜੋਂ ਸੇਵਾਵਾਂ ਸ਼ੁਰੂ ਕਰਨ ਜਾ ਰਹੀ ਹੈ, ਜਿਸ ਲਈ ਸਮੁੱਚੇ ਭਾਰਤੀ ਭਾਈਚਾਰੇ ਵੱਲੋਂ ਉਸ ਨੂੰ ਵਿਸੇ਼ਸ ਵਧਾਈਆਂ ਮਿਲ ਰਹੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 

Vandana

This news is Content Editor Vandana