ਲੰਡਨ : ਪੰਜਾਬੀ ਨੇ ਸਟੋਰ ’ਚੋਂ ਇੰਝ ਦੌੜਾਏ ਲੁਟੇਰੇ

01/06/2018 7:27:49 PM

ਮਿਡਲੈਂਡ (ਏਜੰਸੀ)- ਇਥੇ ਇਕ ਪੰਜਾਬੀ ਦੇ ਸਟੋਰ ਵਿਚ 6 ਲੁਟੇਰੇ ਦਾਖਲ ਹੋਏ ਅਤੇ ਗਨਪੁਆਇੰਟ ’ਤੇ ਸਾਮਾਨ ਚੋਰੀ ਕਰ ਲੈ ਗਏ, ਜਦੋਂ ਕਿ ਪੰਜਾਬੀ ਵਿਅਕਤੀ ਨੇ ਇਕ ਲੁਟੇਰੇ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ ਪਰ ਲੁਟੇਰੇ ਉਥੋਂ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਬਰਮਿੰਘਮ ਦੇ ਟਿਪਟਨ ਇਲਾਕੇ ’ਚ ਸਥਿਤ ਓਕਰਹਿਲ ਸਟੋਰ ’ਚ ਰਾਤ 7-30 ਵਜੇ 6 ਨਕਾਬਪੋਸ਼ ਲੁਟੇਰੇ ਦਾਖਲ ਹੋਏ। ਜਿਨ੍ਹਾਂ ’ਚੋਂ ਇਕ ਲੁਟੇਰੇ ਨੇ ਸਟੋਰ ਮਾਲਕ ’ਤੇ ਪਿਸਤੌਲ ਤਾਣ ਦਿੱਤੀ, ਜਦੋਂ ਕਿ ਬਾਕੀ ਸਟੋਰ ’ਚੋਂ ਕੁਝ ਚੀਜਾਂ ਆਪਣੇ ਟ੍ਰਾਲੀ ਵਿਚ ਰੱਖਣੀ ਸ਼ੁਰੂ ਕਰ ਦਿੱਤੀਆਂ।

ਦੁਕਾਨਦਾਰ ’ਤੇ ਪਿਸਤੌਲ ਤਾਣੀ ਲੁਟੇਰਾ ਬਿਲਕੁਲ ਉਸ ਦੇ ਨੇੜੇ ਹੀ ਖੜ੍ਹਾ ਸੀ ਅਤੇ ਉਸ ਨੇ ਦੁਕਾਨਦਾਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਕੈਮਰੇ ਵਿਚ ਦੇਖਿਆ ਜਾ ਸਕਦਾ ਹੈ ਕਿ ਦੁਕਾਨਦਾਰ ਨੇ ਲੁਟੇਰੇ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਦੁਕਾਨਦਾਰ ਦੀ ਧੀ ਮਨਜੀਤ ਰੰਧਾਵਾ ਨੇ ਇਸ ਘਟਨਾ ਨੂੰ ਫੇਸਬੁੱਕ ’ਤੇ ਜਨਤਕ ਕੀਤਾ ਹੈ। ਉਸ ਨੇ ਆਪਣੇ ਫੇਸਬੁੱਕ ’ਤੇ ਅਪੀਲ ਕੀਤੀ ਹੈ ਕਿ ਇਨ੍ਹਾਂ ਲੁਟੇਰਿਆਂ ਨੂੰ ਫੜਾਉਣ ’ਚ ਸਾਡੀ ਮਦਦ ਕਰੋ। ਇਹ ਲੁਟੇਰੇ ਟਿਪਟਨ ਇਲਾਕੇ ਦੇ ਓਕਰਹਿਲ ਸਟੋਰ ’ਚੋਂ ਕਈ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਏ।

ਇਨ੍ਹਾਂ ’ਚੋਂ ਇਕ ਦੇ ਚਿਹਰੇ ਦੇ ਫੁਟੇਜ ਜਦੋਂ ਕਿ ਬਾਕੀਆਂ ਦੇ ਫਿੰਗਰਪ੍ਰਿੰਟ ਪੁਲਸ ਕੋਲ ਮੌਜੂਦ ਹਨ। ਵੈਸਟ ਮਿਡਲੈਂਡ ਪੁਲਸ ਵਲੋਂ ਇਨ੍ਹਾਂ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਸਟੋਰ ਵਿਚ ਲੱਗੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਪੁਲਸ ਲੁਟੇਰਿਆਂ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਫਿਲਹਾਲ ਇਸ ਘਟਨਾ ਵਿਚ ਦੁਕਾਨਦਾਰ ਦੇ ਕਿਸੇ ਤਰ੍ਹਾਂ ਦੀ ਕੋਈ ਸੱਟ ਨਹੀਂ ਲੱਗੀ ਹੈ।