ਲੰਡਨ ਪੁਲਸ ਦੀ ਅਪਰਾਧੀਆਂ ’ਤੇ ਵੱਡੀ ਕਾਰਵਾਈ, 1000 ਲੋਕਾਂ ਨੂੰ ਹਥਿਆਰਾਂ ਸਣੇ ਕੀਤਾ ਕਾਬੂ

05/12/2021 11:51:18 AM

ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਰਾਜਧਾਨੀ ਲੰਡਨ ’ਚ ਵਧ ਰਹੀਆਂ ਅਪਰਾਧਿਕ ਘਟਨਾਵਾਂ ਨੂੰ ਨੱਥ ਪਾਉਣ ਲਈ ਲੰਡਨ ਪੁਲਸ ਵਿਭਾਗ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਅਧੀਨ ਮੈਟਰੋਪਾਲਿਟਨ ਪੁਲਸ ਨੇ 400 ਤੋਂ ਵੱਧ ਚਾਕੂ ਜ਼ਬਤ ਕੀਤੇ ਹਨ ਅਤੇ ਲੰਡਨ ’ਚ ਹਿੰਸਕ ਅਪਰਾਧਾਂ ਨੂੰ ਘਟਾਉਣ ਦੇ ਉਦੇਸ਼ ਨਾਲ ਇੱਕ ਰਾਸ਼ਟਰੀ ਮੁਹਿੰਮ ’ਚ ਲੱਗਭਗ 1000 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਪੁਲਸ ਵੱਲੋਂ 26 ਅਪ੍ਰੈਲ ਤੋਂ 2 ਮਈ ਤੱਕ ਚਲਾਈ ਇਸ ਮੁਹਿੰਮ ਅਧੀਨ ਅਧਿਕਾਰੀਆਂ ਨੇ ਗਸ਼ਤ ਕਰਦਿਆਂ ਤਕਰੀਬਨ 411 ਚਾਕੂ ਅਤੇ 166 ਹੋਰ ਹਥਿਆਰਾਂ ਸਮੇਤ 994 ਗ੍ਰਿਫਤਾਰੀਆਂ ਵੀ ਕੀਤੀਆਂ। ਫੋਰਸ ਨੇ ਬ੍ਰਿਟਿਸ਼ ਟ੍ਰਾਂਸਪੋਰਟ ਪੁਲਸ ਨਾਲ ਮਿਲ ਕੇ ਨਸ਼ਾ ਖੋਜਣ ਵਾਲੇ ਕੁੱਤਿਆਂ ਦੀ ਮਦਦ  ਨਾਲ ਲੋਕਾਂ ਨੂੰ ਰੇਲ ਅਤੇ ਟਿਊਬ ਨੈੱਟਵਰਕਸ ’ਤੇ ਹਥਿਆਰ ਅਤੇ ਨਸ਼ਾ ਲਿਜਾਣ ਤੋਂ ਰੋਕਣ ਲਈ ਕਾਰਵਾਈ ਕੀਤੀ।

ਇਸ ਕਾਰਵਾਈ ’ਚ ਅਧਿਕਾਰੀਆਂ ਨੇ ਆਟੋਮੈਟਿਕ ਨੰਬਰ ਪਲੇਟ ਪਛਾਣ ਟੈਕਨਾਲੋਜੀ ਦੀ ਵਰਤੋਂ ਕਰਦਿਆਂ ਲੰਡਨ ਦੇ ਅੰਦਰ ਅਤੇ ਬਾਹਰ ਦੀਆਂ ਸੜਕਾਂ ’ਤੇ ਨਸ਼ਾ ਲਿਆਉਣ ਅਤੇ ਸਪਲਾਈ ਕਰਨ ਵਾਲੇ ਲੋਕਾਂ ਨੂੰ ਵੀ ਨਿਸ਼ਾਨਾ ਬਣਾਇਆ। ਇਸ ਕਾਰਵਾਈ ਦੀ ਅਗਵਾਈ ਕਰਨ ਵਾਲੇ ਇੱਕ ਅਧਿਕਾਰੀ ਐਲੇਕਸ ਮਰੇ ਅਨੁਸਾਰ ਇਸ ਕਾਰਵਾਈ ਨੇ ਲੰਡਨ ’ਚ ਹਿੰਸਕ ਅਪਰਾਧ ਨੂੰ ਘੱਟ ਕਰਨ ਲਈ ਹਾਲ ਦੀ ਘੜੀ ਵੱਡੀ ਸਫਲਤਾ ਹਾਸਲ ਕੀਤੀ ਹੈ।

Manoj

This news is Content Editor Manoj