ਗਲਾਸਗੋ ਦੇ ਰਿਹਾਇਸ਼ੀ ਇਲਾਕੇ 'ਚ ਲੱਗੀ ਭਿਆਨਕ ਅੱਗ, ਗੁਰੂਘਰ ਨੇ ਕੀਤਾ ਅਹਿਮ ਐਲਾਨ

11/12/2019 9:48:56 AM

ਲੰਡਨ/ ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਗਲਾਸਗੋ ਦੇ ਐਲਬਰਟ ਡਰਾਈਵ ਗੁਰਦੁਆਰਾ ਦੇ ਨਜ਼ਦੀਕ ਸਪਾਈਸ ਗਾਰਡਨ ਨਾਮੀ ਸਰੌਸਰੀ ਸਟੋਰ ਦੇ ਉੱਪਰਲੇ ਰਿਹਾਇਸ਼ੀ ਫਲੈਟਾਂ ਵਿੱਚ ਰਾਤ ਸਮੇਂ ਭਿਆਨਕ ਅੱਗ ਲੱਗ ਜਾਣ ਦੀ ਖ਼ਬਰ ਹੈ। ਅੱਗ ਇੰਨੀ ਭਿਆਨਕ ਸੀ ਕਿ ਪੂਰੀ ਦੀ ਪੂਰੀ ਇਮਾਰਤ ਹੀ ਤਹਿਸ ਨਹਿਸ ਹੋ ਗਈ। ਭਾਰੀ ਗਿਣਤੀ ਵਿੱਚ ਅੱਗ ਬੁਝਾਊ ਦਸਤੇ ਦੇ ਮੁਲਾਜ਼ਮ ਰਾਤ ਤੋਂ ਲੈ ਕੇ ਅੱਜ ਦਿਨ ਭਰ ਅੱਗ ਉੱਪਰ ਕਾਬੂ ਪਾਉਣ ਵਿੱਚ ਰੁੱਝੇ ਰਹੇ। ਬੇਸ਼ੱਕ ਇਸ ਅਗਜ਼ਨੀ ਦੀ ਘਟਨਾ ਕਾਰਨ ਬੇਹੱਦ ਮਾਲੀ ਨੁਕਸਾਨ ਹੋ ਚੁੱਕਾ ਹੈ ਪਰ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਸਕਾਟਲੈਂਡ ਨੈਸ਼ਨਲ ਪਾਰਟੀ ਦੀ ਮੁਖੀ ਅਤੇ ਫਸਟ ਮਿਨਿਸਟਰ ਨਿਕੋਲਾ ਸਟਰਜਨ ਨੇ ਪ੍ਰਭਾਵਿਤ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਦਾ ਐਲਾਨ ਕੀਤਾ ਹੈ।

ਗੁਰੂਘਰ ਨੇ ਖੋਲ੍ਹੇ ਦਰਵਾਜੇ 
ਸ੍ਰੀ ਗੁਰੂ ਗਰੰਥ ਸਾਹਿਬ ਗੁਰਦੁਆਰਾ ਐਲਬਰਟ ਡਰਾਈਵ ਨੇ ਇਸ ਘਟਨਾ ਤੋਂ ਤੁਰੰਤ ਬਾਅਦ ਫੈਸਲਾ ਲੈਂਦਿਆਂ ਐਲਾਨ ਕੀਤਾ ਕਿ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਹਰ ਪਲ ਤਿਆਰ ਬਰ ਤਿਆਰ ਹਾਂ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਗੁਰਦੁਆਰਾ ਕਮੇਟੀ ਦੇ ਸਕੱਤਰ ਦਲਜੀਤ ਸਿੰਘ ਦਿਲਬਰ ਨੇ ਦੱਸਿਆ ਕਿ ਪ੍ਰਭਾਵਿਤ ਘਰਾਂ ਵਿੱਚ ਬਹੁਤ ਗਿਣਤੀ ਮੁਸਲਿਮ ਭਾਈਚਾਰੇ ਦੇ ਲੋਕ ਵੱਸਦੇ ਸਨ। ਕਮੇਟੀ ਵੱਲੋਂ ਸਮੂਹ ਪੀੜਤ ਪਰਿਵਾਰਾਂ ਲਈ ਐਲਾਨ ਕੀਤਾ ਹੈ ਕਿ ਲੋੜ ਮੁਤਾਬਿਕ ਵਿੱਤੀ ਸਹਾਇਤਾ ਤੋਂ ਇਲਾਵਾ ਲੰਗਰ, ਨਹਾਉਣ ਧੋਣ ਲਈ ਸਹੂਲਤ ਅਤੇ ਇੱਥੋਂ ਤੱਕ ਕਿ ਰਹਿਣ ਲਈ ਵੀ ਗੁਰੂਘਰ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ 'ਤੇ ਪਹਿਰਾ ਦਿੰਦਿਆਂ ਪੀੜਤ ਪਰਿਵਾਰਾਂ ਨਾਲ ਖੜ੍ਹਨ ਨੂੰ ਅਸੀਂ ਆਪਣਾ ਪਹਿਲਾ ਫ਼ਰਜ਼ ਸਮਝਦੇ ਹਾਂ।

Vandana

This news is Content Editor Vandana