ਲੰਡਨ : ਸਮੁੰਦਰ ’ਚ ਡੁੱਬ ਰਹੇ ਆਪਣੇ ਕੁੱਤੇ ਨੂੰ ਬਚਾਉਣ ਲਈ ਔਰਤ ਨੇ ਲਗਾ ਦਿੱਤੀ ਛਲਾਂਗ (ਵੀਡੀਓ ਵਾਇਰਲ)

12/12/2017 7:48:41 PM

ਲੰਡਨ (ਏਜੰਸੀ)- ਇਕ ਔਰਤ ਨੇ ਅਤਿ ਦੇ ਠੰਡੇ ਪਾਣੀ ਵਿਚ ਡੁੱਬ ਰਹੇ ਆਪਣੇ ਕੁੱਤੇ ਨੂੰ ਬਚਾਉਣ ਲਈ ਸਮੁੰਦਰ ਵਿਚ ਛਲਾਂਗ ਲਗਾ ਦਿੱਤੀ। ਇਹ ਵੀਡੀਓ ਬ੍ਰਿਗਟਨ ਵਿਚ ਈਸਟ ਸੂਸੈਕਸ ਦੀ ਹੈ, ਜਿਸ ਵਿਚ ਔਰਤ ਆਪਣੇ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਪਾਣੀ ਵਿਚ ਉਠ ਰਹੀਆਂ ਸ਼ਕਤੀਸ਼ਾਲੀ ਲਹਿਰਾਂ ਉਸ ਨੂੰ ਬਾਹਰ ਧਕੇਲ ਦਿੰਦੀਆਂ ਹਨ। ਪੂਰੇ ਕੱਪੜੇ ਪਹਿਨੇ ਔਰਤ ਪਾਣੀ ਵਿਚ ਆਪਣੇ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਪਾਣੀ ਦੀਆਂ ਲਹਿਰਾਂ ਉਸ ਨੂੰ ਪਿੱਛੇ ਧਕੇਲ ਦਿੰਦੀਆਂ ਹਨ। ਇਸ ਤੋਂ ਬਾਅਦ ਔਰਤ ਪਾਣੀ ਵਿਚੋਂ ਬਾਹਰ ਨਿਕਲ ਕੇ ਬੀਚ ’ਤੇ ਆ ਜਾਂਦੀ ਹੈ, ਜਿਸ ਦੌਰਾਨ ਸਮੁੰਦਰੀ ਲਹਿਰ ਕੁੱਤੇ ਨੂੰ ਵੀ ਬਾਹਰ ਧਕੇਲ ਦਿੰਦੀ ਹੈ ਅਤੇ ਔਰਤ ਆਪਣੇ ਕੁੱਤੇ ਨੂੰ ਫੜ ਲੈਂਦੀ ਹੈ। ਇਸ ਤੋਂ ਬਾਅਦ ਇਕ ਹੋਰ ਵਿਅਕਤੀ ਆ ਕੇ ਉਸ ਦੇ ਕੁੱਤੇ ਨੂੰ ਬਾਹਰ ਕੱਢ ਲੈਂਦਾ ਹੈ ਅਤੇ ਔਰਤ ਵੀ ਪਾਣੀ ਵਿਚੋਂ ਬਾਹਰ ਆ ਜਾਂਦੀ ਹੈ। 
ਕੋਸਟਗਾਰਡ ਨੇ ਦੱਸਿਆ ਕਿ ਔਰਤ ਅਤੇ ਉਸ ਦਾ ਕੁੱਤਾ ਖੁਸ਼ਕਿਸਮਤ ਰਹੇ ਕਿ ਉਹ ਇੰਨੇ ਠੰਡੇ ਮੌਸਮ ਵਿਚ ਵੀ ਸੁਰੱਖਿਅਤ ਬਾਹਰ ਆ ਗਏ। ਅਲੈਸੈਂਡੋ ਇਤੀਨੀ (41) ਇਸ ਸਾਰੀ ਘਟਨਾ ਨੂੰ ਦੇਖ ਰਹੇ ਸਨ ਅਤੇ ਉਨ੍ਹਾਂ ਨੇ ਇਸ ਸਾਰੀ ਘਟਨਾ ਨੂੰ ਆਪਣੇ ਕੈਮਰੇ ਵਿਚ ਕੈਦ ਕਰ ਲਿਆ। ਇਤੀਨੀ ਨੇ ਦੱਸਿਆ ਕਿ ਔਰਤ ਕਾਫੀ ਬਹਾਦਰ ਹੈ, ਜਿਸ ਨੇ ਇੰਨੇ ਠੰਡੇ ਪਾਣੀ ਵਿਚ ਛਲਾਂਗ ਲਗਾ ਦਿੱਤੀ। ਉਹ ਬਹੁਤ ਹੈਰਾਨ ਹਨ ਕਿ ਔਰਤ ਅਤੇ ਕੁੱਤੇ ਦੋਵੇਂ ਸੁਰੱਖਿਅਤ ਬਾਹਰ ਆ ਗਏ। ਕੋਸਟਗਾਰਡ ਟ੍ਰੀਵਰ ਕਲਟਰ ਨੇ ਦੱਸਿਆ ਕਿ ਉਹ ਬਾਕੀ ਲੋਕਾਂ ਨੂੰ ਸਾਵਧਾਨ ਕਰਦੇ ਹਨ ਕਿ ਉਹ ਇਸ ਤਰ੍ਹਾਂ ਦੀ ਗਲਤੀ ਨਾ ਕਰਨ। ਕੋਸਟਗਾਰਡ ਨੇ ਦੱਸਿਆ ਕਿ ਅਸੀਂ ਮੰਨਦੇ ਹਾਂ ਕਿ ਔਰਤ ਨੂੰ ਆਪਣੇ ਕੁੱਤੇ ਨਾਲ ਬਹੁਤ ਪਿਆਰ ਸੀ ਪਰ ਉਸ ਨੂੰ ਠੰਡੇ ਪਾਣੀ ਅਤੇ ਸਮੁੰਦਰ ਵਿਚ ਉੱਠਦੀਆਂ ਭਿਆਨਕ ਲਹਿਰਾਂ ਨੂੰ ਧਿਆਨ ਵਿਚ ਰੱਖ ਕੇ ਕਿਸੇ ਗਾਰਡ ਨੂੰ ਆਵਾਜ਼ ਲਗਾਉਣੀ ਚਾਹੀਦੀ ਸੀ ਨਾ ਕਿ ਖੁਦ ਦੀ ਜਾਨ ਖਤਰੇ ਵਿਚ ਪਾਉਣੀ ਚਾਹੀਦੀ ਸੀ।