ਸਵਿਸ ਵਿਗਿਆਨੀਆਂ ਨੇ ਪਲਾਸਟਿਕ ਨਾਲ ਬਣਾਇਆ 18 ਕੈਰਟ ਦਾ ''ਸੋਨਾ''

01/13/2020 1:35:12 PM

ਲੰਡਨ (ਬਿਊਰੋ): ਦੁਨੀਆ ਵਿਚ ਪਹਿਲੀ ਵਾਰ ਵਿਗਿਆਨੀਆਂ ਨੇ ਪਲਾਸਟਿਕ ਜ਼ਰੀਏ ਸੋਨਾ ਬਣਾਉਣ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਪਲਾਸਟਿਕ ਨਾਲ ਬਾਲਣ ਅਤੇ ਸੜਕਾਂ ਬਣਾਉਣ ਜਿਹੇ ਕਾਫੀ ਪ੍ਰਯੋਗ ਹੋ ਚੁੱਕੇ ਹਨ। ਪਲਾਸਟਿਕ ਦੇ ਮੈਟ੍ਰਿਕਸ ਨੂੰ ਮਿਸ਼ਰਤ ਧਾਤ ਦੇ ਰੂਪ ਵਿਚ ਵਰਤੋਂ ਕਰ ਕੇ ਬਣਾਇਆ ਗਿਆ 18 ਕੈਰਟ ਦਾ ਇਹ ਸੋਨਾ ਵਜ਼ਨ ਵਿਚ ਵੀ ਕਾਫੀ ਹਲਕਾ ਹੈ ਅਤੇ ਇਸ ਦੀ ਚਮਕ ਵੀ ਅਸਲੀ ਸੋਨੇ ਵਰਗੀ ਹੀ ਹੈ। ਇਸ ਨੂੰ ਆਸਾਨੀ ਨਾਲ ਪਾਲਿਸ਼ ਕੀਤਾ ਜਾ ਸਕਦਾ ਹੈ । ਵਿਗਿਆਨੀਆਂ ਦਾ ਕਹਿਣਾ ਹੈ ਕਿ ਹਲਕਾ ਹੋਣ ਕਾਰਨ ਇਹ ਸੋਨੇ ਦੀਆਂ ਘੜੀਆਂ ਅਤੇ ਗਹਿਣਿਆਂ ਦੇ ਰੂਪ ਵਿਚ ਕਾਫੀ ਲੋਕਪ੍ਰਿਅ ਹੋਵੇਗਾ। ਇਹ ਸ਼ੋਧ ਸਾਈਂਸ ਜਨਰਲ ਵਿਚ ਪ੍ਰਕਾਸ਼ਿਤ ਕੀਤੀ ਗਈ ਹੈ। 

ਸਵਿਸ ਯੂਨੀਵਰਸਿਟੀ ਈ.ਟੀ.ਐੱਚ. ਜਿਊਰਿਖ ਦੇ ਵਿਗਿਆਨੀ ਰਾਫੇਲ ਮੇਜੇਨਗਾ ਨੇ ਦੱਸਿਆ ਕਿ ਸੋਨੇ ਦਾ ਜਿਹੜਾ ਨਵਾਂ ਰੂਪ ਵਿਕਸਿਤ ਕੀਤਾ ਗਿਆ ਹੈ ਉਸ ਦਾ ਵਜ਼ਨ ਰਵਾਇਤੀ 18 ਕੈਰਟ ਸੋਨੇ ਤੋਂ ਲੱਗਭਗ 10 ਗੁਣਾ ਘੱਟ ਹੈ। ਰਵਾਇਤੀ ਮਿਸ਼ਰਨ ਵਿਚ ਆਮ ਤੌਰ 'ਤੇ ਤਿੰਨ-ਚੌਥਾਈ ਸੋਨਾ ਅਤੇ ਇਕ ਚੌਥਾਈ ਤਾਂਬਾ ਹੁੰਦਾ ਹੈ ਜਿਸ ਦੀ ਘਣਤਾ ਲੱਗਭਗ 15 ਗ੍ਰਾਮ ਪ੍ਰਤੀ ਘਣ ਸੈਂਟੀਮੀਟਰ ਹੁੰਦੀ ਹੈ ਪਰ ਪਲਾਸਟਿਕ ਨਾਲ ਬਣਾਏ ਗਏ ਇਸ ਸੋਨੇ ਦੀ ਘਣਤਾ ਸਿਰਫ 1.7 ਗ੍ਰਾਮ ਪ੍ਰਤੀ ਘਣ ਸੈਂਟੀਮੀਟਰ ਹੈ। ਫਿਰ ਵੀ ਇਹ 18 ਕੈਰਟ ਦਾ ਸੋਨਾ ਹੈ। 

ਇਸ ਨੂੰ ਬਣਾਉਣ ਲਈ ਪ੍ਰੋਟੀਨ ਫਾਈਬਰ ਅਤੇ ਇਕ ਪੌਲੀਮਰ ਲੇਟੇਸ ਦੀ ਵਰਤੋਂ ਕੀਤੀ ਗਈ। ਇਸ ਵਿਚ ਪਹਿਲਾਂ ਸੋਨੇ ਦੇ ਨੈਨੋਕ੍ਰਿਸਟਲ ਦੀ ਪਤਲੀ ਡਿਸਕ ਨੂੰ ਰੱਖਿਆ ਗਿਆ। ਪਹਿਲਾਂ ਪਾਣੀ ਅਤੇ ਬਾਅਦ ਵਿਚ ਅਲਕੋਹਲ ਜ਼ਰੀਏ ਇਸ ਦਾ ਘੋਲ ਤਿਆਰ ਕੀਤਾ ਗਿਆ। ਇਸ ਘੋਲ ਨੂੰ ਕਾਰਬਨ ਡਾਈਆਕਸਾਈਡ ਗੈਸ ਦੇ ਉੱਚ ਦਾਬ ਤੋਂ ਪ੍ਰਵਾਹਿਤ ਕਰ ਕੇ ਇਸ ਨੂੰ ਠੋਸ ਆਕਾਰ ਵਿਚ ਬਦਲਿਆ ਗਿਆ। ਸ਼ੋਧ ਕਰਤਾਵਾਂ ਨੇ ਇਸ ਨੂੰ ਬਣਾਉਣ ਦੀ ਪ੍ਰਕਿਰਿਆ ਅਤੇ ਸਮੱਗਰੀ ਦੋਹਾਂ ਲਈ ਪੇਟੇਂਟ ਲਈ ਅਪਲਾਈ ਕੀਤਾ ਹੈ।

ਅਮਰੀਕਾ ਦੀ ਸਟੇਨਫੋਰਡ ਯੂਨੀਵਰਸਿਟੀ ਦੀ ਹਾਲ ਹੀ ਦੀ ਰਿਸਰਚ ਦੇ ਮੁਤਾਬਕ ਧਰਤੀ 'ਤੇ ਕਰੀਬ 9.1 ਅਰਬ ਟਨ ਪਲਾਸਟਿਕ ਹੈ। ਇਸ ਸਮੇਂ ਦੁਨੀਆ ਦੀ ਆਬਾਦੀ ਕਰੀਬ 7.6 ਅਰਬ ਹੈ ਮਤਲਬ ਹਰੇਕ ਵਿਅਕਤੀ ਦੇ ਹਿੱਸੇ ਵਿਚ ਲੱਗਭਗ 1.2 ਟਨ ਦਾ ਪਲਾਸਟਿਕ ਹੈ। ਮਾਈਕ੍ਰੋਪਲਾਸਟਿਕ ਦੇ ਹਾਨੀਕਾਰਕ ਕੈਮੀਕਲ ਸਰੀਰ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾ ਰਹੇ ਹਨ। ਹਰੇਕ ਇਨਸਾਨ ਰੋਜ਼ਾਨਾ ਅਣਜਾਣੇ ਵਿਚ ਮਾਈਕ੍ਰੋਪਲਾਸਟਿਕ ਦੇ 200 ਟੁੱਕੜੇ ਖਾਂਦਾ ਹੈ। ਇਸ ਨਾਲ ਅੰਤੜੀਆਂ ਵਿਚ ਇਨਫੈਕਸ਼ਨ ਫੈਲ ਰਿਹਾ ਹੈ।

Vandana

This news is Content Editor Vandana