ਗੁਰੂ ਨਾਨਕ ਯੂਨੀਵਰਸਲ ਸੇਵਾ ਯੂਕੇ ਵੱਲੋਂ ਵਿਸ਼ੇਸ਼ ਮਿਲਣੀ ਸਮਾਗਮ

11/27/2019 4:15:10 PM

ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ):  ਸਾਊਥਾਲ ਸਥਿਤ ਸ੍ਰੀ ਗੁਰੂ ਨਾਨਕ ਯੂਨੀਵਰਸਲ ਸੇਵਾ ਯੂਕੇ ਸੰਸਥਾ ਵੱਲੋਂ ਵਿਸ਼ੇਸ਼ ਮਿਲਣੀ ਸਮਾਗਮ ਕਰਵਾਇਆ ਗਿਆ। ਇਸ ਸਮੇਂ ਇੰਗਲੈਂਡ ਦੌਰੇ 'ਤੇ ਆਏ ਪੰਜਾਬੀ ਲੋਕ ਵਿਰਾਸਤ ਅਕਾਦਮੀ ਇੰਟਰਨੈਸ਼ਨਲ ਦੇ ਚੇਅਰਮੈਨ ਅਤੇ ਉੱਘੇ ਸਾਹਿਤਕਾਰ ਪ੍ਰੋ: ਗੁਰਭਜਨ ਸਿੰਘ ਗਿੱਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਹਨਾਂ ਦੀ ਆਮਦ 'ਤੇ ਸੰਸਥਾ ਵੱਲੋਂ ਸਾਹਿਤਕਾਰ ਡਾ: ਤਾਰਾ ਸਿੰਘ ਆਲਮ, ਵਿਸ਼ਵ ਪ੍ਰਸਿੱਧ ਗਾਇਕ ਚੰਨੀ ਸਿੰਘ “ਅਲਾਪ'', ਸਾਹਿਤਕਾਰ ਬਲਬੀਰ ਸਿੰਘ ਕੰਵਲ, ਅਮਰਜੀਤ ਕੌਰ ਆਲਮ ਨੇ ਜੀ ਆਇਆਂ ਕਿਹਾ। 

ਇਸ ਸਮੇਂ ਆਪਣੇ ਸੰਬੋਧਨ ਦੌਰਾਨ ਡਾ: ਆਲਮ ਨੇ ਪ੍ਰੋ: ਗੁਰਭਜਨ ਸਿੰਘ ਗਿੱਲ ਦੇ ਸਾਹਿਤਕ ਸਫ਼ਰ 'ਤੇ ਰਸਮੀ ਚਾਨਣਾ ਪਾਉਂਦਿਆਂ ਉਹਨਾਂ ਨੂੰ ਤੁਰਦਾ-ਫਿਰਦਾ ਸ਼ਬਦਕੋਸ਼ ਕਹਿ ਕੇ ਵਡਿਆਇਆ। ਉਹਨਾਂ ਕਿਹਾ ਕਿ ਅਥਾਹ ਸ਼ਬਦ ਭੰਡਾਰ ਦੀ ਬਦੌਲਤ ਹੀ ਉਹਨਾਂ ਦੀ ਹਰ ਵਿਸ਼ੇ 'ਤੇ ਮੁਕੰਮਲ ਪਕੜ ਹੋਣ ਕਰਕੇ ਉਹਨਾਂ ਦੀਆਂ ਲਿਖਤਾਂ ਨੂੰ ਪਿਆਰ ਮਿਲਦਾ ਹੈ। 

ਆਪਣੇ ਸੰਬੋਧਨ ਦੌਰਾਨ ਪ੍ਰੋ: ਗਿੱਲ ਨੇ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਦੀ ਰੱਜਵੀਂ ਪ੍ਰਸੰਸਾ ਕਰਦਿਆਂ ਕਿਹਾ ਕਿ ਉਹਨਾਂ ਨੇ ਨਾ ਸਿਰਫ ਸਖਤ ਮਿਹਨਤ ਕਰਕੇ ਆਪਣੀ ਅਤੇ ਪਿਛਾਂਹ ਪੰਜਾਬ ਵਸਦੇ ਪਰਿਵਾਰਾਂ ਦੀ ਜੂਨ ਸੁਖਾਲੀ ਕੀਤੀ ਹੈ, ਉੱਥੇ ਪੰਜਾਬ, ਪੰਜਾਬੀ, ਪੰਜਾਬੀਅਤ ਦੀਆਂ ਤਿੜਾਂ ਵਿਦੇਸ਼ਾਂ ਦੀ ਧਰਤੀ 'ਤੇ ਵੀ ਬੀਜ਼ ਦਿੱਤੀਆਂ ਹਨ। ਇਸ ਸਮੇਂ ਸਾਹਿਤਕਾਰ ਬਲਬੀਰ ਸਿੰਘ ਕੰਵਲ ਨੇ ਪਹਿਲਵਾਨ ਗਾਮਾ ਬਾਰੇ ਆਪਣੀ ਨਵ-ਪ੍ਰਕਾਸ਼ਿਤ ਪੁਸਤਕ ਯਾਦ ਨਿਸ਼ਾਨੀ ਵਜੋਂ ਭੇਂਟ ਕੀਤੀ ਗਈ।

Vandana

This news is Content Editor Vandana