ਐਮਨੈਸਟੀ ਇੰਟਰਨੈਸ਼ਨਲ ਨੇ ਆਂਗ ਸਾਨ ਸੂ ਕੀ ਤੋਂ ਵਾਪਸ ਲਿਆ ਸਰਵ ਉੱਚ ਸਨਮਾਨ

11/13/2018 10:01:44 AM

ਲੰਡਨ (ਬਿਊਰੋ)— ਮਨੁੱਖੀ ਅਧਿਕਾਰਾਂ ਦੀ ਪੈਰਵੀ ਕਰਨ ਵਾਲੇ ਸੰਗਠਨ ਐਮਨੈਸਟੀ ਇੰਟਰਨੈਸ਼ਨਲ ਨੇ ਸੋਮਵਾਰ ਨੂੰ ਮਿਆਂਮਾਰ ਦੀ ਨੇਤਾ ਆਂਗ ਸਾਨ ਸੂ ਕੀ ਨੂੰ ਝਟਕਾ ਦਿੱਤਾ। ਮਿਆਂਮਾਰ ਫੌਜ ਵੱਲੋਂ ਰੋਹਿੰਗਿਆ ਮੁਸਲਮਾਨਾਂ 'ਤੇ ਹੋਏ ਅੱਤਿਆਚਾਰ ਨੂੰ ਦੇਖਦੇ ਹੋਏ ਐਮਨੈਸਟੀ ਇੰਟਰਨੈਸ਼ਨਲ ਨੇ ਆਂਗ ਸਾਨ ਸੂ ਕੀ ਨੂੰ ਦਿੱਤਾ ਆਪਣਾ ਸਰਵ ਉੱਚ ਸਨਮਾਨ ਵਾਪਸ ਲੈ ਲਿਆ ਹੈ। ਲੰਡਨ ਸਥਿਤ ਗਲੋਬਲ ਮਨੁੱਖੀ ਅਧਿਕਾਰ ਸੰਗਠਨ ਦਾ ਮੰਨਣਾ ਹੈ ਕਿ ਰੋਹਿੰਗਿਆ ਮੁਸਲਮਾਨਾਂ 'ਤੇ ਹੋਏ ਅਣਮਨੁੱਖੀ ਵਿਵਹਾਰ ਪ੍ਰਤੀ ਸੂ ਦਾ ਰਵੱਈਆ ਉਦਾਸੀਨ ਸੀ।

ਆਪਣੇ ਬਿਆਨ ਵਿਚ ਸੰਗਠਨ ਨੇ ਕਿਹਾ ਹੈ ਕਿ ਸੂ ਕੀ ਨੂੰ ਦਿੱਤਾ ਗਿਆ 'ਐਮਬੈਸੇਡਰ ਆਫ ਕੌਨਸ਼ਸ ਐਵਾਰਡ' ਵਾਪਸ ਲੈ ਰਿਹਾ ਹੈ, ਜੋ ਉਸ ਨੇ ਸੂ ਨੂੰ ਸਾਲ 2009 ਵਿਚ ਉਸ ਸਮੇਂ ਦਿੱਤਾ ਸੀ ਜਦੋਂ ਉਹ ਘਰ ਵਿਚ ਨਜ਼ਰਬੰਦ ਸੀ। ਸਮੂਹ ਵੱਲੋਂ ਜਾਰੀ ਐਮਨੈਸਟੀ ਇੰਟਰਨੈਸ਼ਨਲ ਪ੍ਰਮੁੱਖ ਕੂਮੀ ਨਾਇਡੂ ਵੱਲੋਂ ਲਿਖੇ ਖੱਤ ਵਿਚ ਕਿਹਾ ਗਿਆ ਹੈ,''ਅੱਜ ਅਸੀਂ ਬਹੁਤ ਨਿਰਾਸ਼ ਹਾਂ ਕਿ ਤੁਸੀਂ ਆਸ਼ਾ, ਬਹਾਦੁਰੀ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਦੀ ਪ੍ਰਤੀਕ ਨਹੀਂ ਹੋ।'' 

ਸਮੂਹ ਨੇ ਕਿਹਾ ਕਿ ਉੁਸ ਨੇ ਆਪਣੇ ਫੈਸਲੇ ਦੇ ਬਾਰੇ ਵਿਚ ਸੂ ਕੀ ਨੂੰ ਐਤਵਾਰ ਨੂੰ ਹੀ ਸੂਚਿਤ ਕਰ ਦਿੱਤਾ ਸੀ। ਉਨ੍ਹਾਂ ਨੇ ਇਸ ਬਾਰੇ ਵਿਚ ਹੁਣ ਤੱਕ ਕੋਈ ਜਨਤਕ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਇੱਥੇ ਦੱਸ ਦਈਏ ਕਿ ਸੋਮਵਾਰ ਨੂੰ ਹੀ ਅਮਰੀਕਾ ਨੇ ਵੀ ਮੰਗ ਕੀਤੀ ਕਿ ਬੰਗਲਾਦੇਸ਼ ਵਿਚ ਮੌਜੂਦ ਰੋਹਿੰਗਿਆ ਸ਼ਰਨਾਰਥੀਆਂ ਦੀ ਮਿਆਂਮਾਰ ਵਿਚ ਸਨਮਾਨਪੂਰਵਕ ਵਾਪਸੀ ਹੋਣੀ ਚਾਹੀਦੀ ਹੈ।

ਇੱਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੈਨੇਡਾ ਨੇ ਰੋਹਿੰਗਿਆ ਸੰਕਟ ਕਾਰਨ ਮਿਆਂਮਾਰ ਦੀ ਨੇਤਾ ਸੂ ਕੀ ਨੂੰ ਦਿੱਤੀ ਗਈ ਮਾਣਯੋਗ ਨਾਗਰਿਕਤਾ ਵਾਪਸ ਲੈ ਲਈ ਸੀ। ਸੂ ਨੂੰ ਸਾਲ 2007 ਵਿਚ ਇਹ ਸਨਮਾਨ ਦਿੱਤਾ ਗਿਆ ਸੀ। ਸੂ ਨੇ ਹਮੇਸ਼ਾ ਲੋਕਤੰਤਰ ਦਾ ਸਮਰਥਨ ਕੀਤਾ ਹੈ ਪਰ ਮਿਆਂਮਾਰ ਵਿਚ ਜਾਰੀ ਰੋਹਿੰਗਿਆ ਸੰਕਟ ਕਾਰਨ ਉਨ੍ਹਾਂ ਦੇ ਅਕਸ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ।

Vandana

This news is Content Editor Vandana