ਮਿਸਰ ''ਚ ਅੱਤਵਾਦੀਆਂ ਨੇ ਕੀਤੀ ਲੁੱਟਮਾਰ ਅਤੇ ਚਰਚ ''ਤੇ ਹਮਲਾ

10/16/2017 5:53:33 PM

ਕਾਹਿਰਾ (ਭਾਸ਼ਾ)— ਮਿਸਰ ਦੇ ਸਿਨਾਈ ਪ੍ਰਾਇਦੀਪ ਵਿਚ ਕਰੀਬ 12 ਇਸਲਾਮੀ ਅੱਤਵਾਦੀਆਂ ਨੇ ਇਕ ਸਥਾਨਕ ਬੈਂਕ ਵਿਚ ਲੁੱਟਮਾਰ ਕੀਤੀ ਅਤੇ ਇਕ ਖਾਲੀ ਚਰਚ 'ਤੇ ਹਮਲਾ ਕੀਤਾ। ਇਸ ਚਰਚ ਦੀ ਸੁਰੱਖਿਆ ਵਿਚ ਤੈਨਾਤ ਸੁਰੱਖਿਆ ਬਲਾਂ ਨਾਲ ਉਨ੍ਹਾਂ ਦਾ ਮੁਕਾਬਲਾ ਹੋਇਆ। ਇਸ ਮੁਕਾਬਲੇ ਵਿਚ 7 ਵਿਅਕਤੀ ਮਾਰੇ ਗਏ। 
ਰੱਖਿਆ ਅਤੇ ਫੌਜੀ ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰਾਂ ਨੇ ਅਲ ਏਰਿਸ਼ ਦੇ ਮੱਧ ਸਥਿਤ ਸੈਂਟ ਜੌਰਜ ਚਰਚ ਦੀ ਸੁਰੱਖਿਆ ਵਿਚ ਤੈਨਾਤ ਸੁਰੱਖਿਆ ਬਲਾਂ 'ਤੇ ਰਾਕੇਟ ਗ੍ਰੇਨੇਡ ਸੁੱਟੇ ਅਤੇ ਗੋਲੀਬਾਰੀ ਕੀਤੀ। ਕੁਝ ਮਹੀਨੇ ਪਹਿਲਾਂ ਸਿਨਾਈ ਵਿਚ ਈਸਾਈਆਂ 'ਤੇ ਹਮਲਿਆਂ ਮਗਰੋਂ ਇਸ ਚਰਚ ਵਿਚ ਪ੍ਰਾਰਥਨਾ ਰੋਕ ਦਿੱਤੀ ਗਈ ਸੀ। ਅੱਤਵਾਦੀਆਂ ਨੇ ਇਕ ਬੈਂਕ ਵਿਚ ਲੁੱਟਮਾਰ ਕੀਤੀ ਅਤੇ ਉਸ ਮਗਰੋਂ ਇਕ ਮੋਟਰ ਸਾਇਕਲ ਅਤੇ ਪਿਕਅੱਪ ਗੱਡੀ ਵਿਚ ਸਵਾਰ ਹੋ ਕੇ ਸ਼ਹਿਰ ਦੇ ਦੱਖਣੀ ਇਲਾਕੇ ਵੱਲ ਭੱਜ ਗਏ। 
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਝੜਪਾਂ ਵਿਚ ਇਕ ਬੱਚੇ ਸਮੇਤ ਤਿੰਨ ਨਾਗਰਿਕ, ਤਿੰਨ ਸੁਰੱਖਿਆ ਕਰਮੀ ਅਤੇ ਇਕ ਫੌਜੀ ਦੀ ਮੌਤ ਹੋ ਗਈ। ਜਦਕਿ 15 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਵਿਚ ਇਕ ਬੱਚਾ ਅਤੇ ਇਕ ਔਰਤ ਵੀ ਸ਼ਾਮਲ ਹੈ।''